
ਲਾਊਡ ਸਪੀਕਰ ਬੰਦ ਕਰਨ ਦਾ ਸਮਾਂ ਰਾਤ 10 ਵਜੇ ਦੀ ਥਾਂ ਅੱਧੀ ਰਾਤ 12 ਵਜੇ ਤੱਕ ਵਧਾਇਆ
ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰਾਮਲੀਲਾ ਅਤੇ ਦੁਰਗਾ ਪੂਜਾ ਵਰਗੇ ਸਭਿਆਚਾਰਕ ਸਮਾਗਮਾਂ ਨੂੰ ਅੱਧੀ ਰਾਤ ਤਕ ਚੱਲਣ ਦੀ ਇਜਾਜ਼ਤ ਦਿਤੀ ਹੈ ਅਤੇ ਕਿਹਾ ਕਿ ਦਿੱਲੀ ’ਚ ਰਾਮ-ਰਾਜ ਆਉਣਾ ਚਾਹੀਦਾ ਹੈ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਥੋੜ੍ਹਾ ਜਿਹਾ ਕੰਮ ਕਰਨਾ ਚਾਹੀਦਾ ਹੈ।
ਗੁਪਤਾ ਨੇ ਕਿਹਾ, ‘‘ਮੈਂ ਹਮੇਸ਼ਾ ਕਹਿੰਦੀ ਸੀ ਕਿ ਸਾਡੇ ਹਿੰਦੂ ਤਿਉਹਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਹੜੀ ਰਾਮਲੀਲਾ ਰਾਤ 10 ਵਜੇ ਖਤਮ ਹੁੰਦੀ ਹੈ? ਦੁਰਗਾ ਪੂਜਾ ਰਾਤ 10 ਵਜੇ ਖਤਮ ਨਹੀਂ ਹੋ ਸਕਦੀ। ਜਦੋਂ ਗੁਜਰਾਤ ’ਚ ਡਾਂਡੀਆ ਸਾਰੀ ਰਾਤ ਚੱਲ ਸਕਦਾ ਹੈ ਅਤੇ ਸਾਰੀ ਰਾਤ ਸਮਾਗਮ ਹੋ ਸਕਦੇ ਹਨ, ਤਾਂ ਦਿੱਲੀ ਦੇ ਲੋਕਾਂ ਦਾ ਕੀ ਕਸੂਰ ਹੈ? ਇਸ ਲਈ ਇਸ ਵਾਰ ਅਸੀਂ ਰਾਤ 12 ਵਜੇ ਤਕ ਦੀ ਇਜਾਜ਼ਤ ਦੇ ਦਿਤੀ ਹੈ। ਸਾਰੇ ਰਾਮਲੀਲਾ, ਦੁਰਗਾ ਪੂਜਾ ਅਤੇ ਹੋਰ ਸਭਿਆਚਾਰਕ ਪ੍ਰੋਗਰਾਮ ਹੁਣ ਅੱਧੀ ਰਾਤ ਤਕ ਹੋ ਸਕਦੇ ਹਨ।’’
ਸੋਮਵਾਰ ਨੂੰ ਦਿੱਲੀ ਸਰਕਾਰ ਨੇ ਰਾਮਲੀਲਾ, ਦੁਰਗਾ ਪੂਜਾ, ਦੁਸਹਿਰੇ ਅਤੇ ਇਸ ਨਾਲ ਜੁੜੇ ਸਮਾਗਮਾਂ ਦੌਰਾਨ ਲਾਊਡ ਸਪੀਕਰਾਂ ਦੀ ਵਰਤੋਂ ਲਈ ਮਨਜ਼ੂਰਸ਼ੁਦਾ ਸਮਾਂ ਵਧਾ ਦਿਤਾ ਸੀ। ਉਪ ਰਾਜਪਾਲ ਵੀ.ਕੇ. ਸਕਸੈਨਾ ਨੇ 22 ਸਤੰਬਰ ਤੋਂ 3 ਅਕਤੂਬਰ ਤਕ ਜਾਰੀ ਇਸ ਢਿੱਲ ਨੂੰ ਮਨਜ਼ੂਰੀ ਦੇ ਦਿਤੀ ਹੈ।
ਆਵਾਜ਼ ਪ੍ਰਦੂਸ਼ਣ ਨਿਯਮਾਂ ਦੀ ਪਾਲਣਾ ਦੇ ਅਧੀਨ ਲਾਊਡ ਸਪੀਕਰ ਬੰਦ ਕਰਨ ਦਾ ਸਮਾਂ ਰਾਤ 10 ਵਜੇ ਦੀ ਥਾਂ ਅੱਧੀ ਰਾਤ 12 ਵਜੇ ਤਕ ਵਧਾ ਦਿਤਾ ਗਿਆ ਹੈ। ਰਿਹਾਇਸ਼ੀ ਇਲਾਕਿਆਂ ’ਚ ਪ੍ਰਬੰਧਕਾਂ ਨੂੰ ਇਹ ਯਕੀਨੀ ਬਣਾਉਣ ਦੇ ਹੁਕਮ ਦਿਤੇ ਗਏ ਹਨ ਕਿ ਆਵਾਜ਼ ਦਾ ਪੱਧਰ 45 ਡੈਸੀਬਲ ਤੋਂ ਵੱਧ ਨਾ ਹੋਵੇ। ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਇਸ ਕਦਮ ਲਈ ਮੁੱਖ ਮੰਤਰੀ ਅਤੇ ਰਾਜਪਾਲ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਰਾਮਲੀਲਾ ਕਮੇਟੀਆਂ ਦੀ ਲੰਮੇ ਸਮੇਂ ਤੋਂ ਮੰਗ ਕਰਾਰ ਦਿਤਾ।