Assembly Election Results : ਵਿਧਾਨ ਸਭਾ ਚੋਣਾਂ : ਝਾਰਖੰਡ ’ਚ ‘ਇੰਡੀਆ’ ਅਤੇ ਮਹਾਰਾਸ਼ਟਰ ’ਚ ਐਨ.ਡੀ.ਏ. ਗਠਜੋੜ ਨੇ ਸੱਤਾ ’ਚ ਵਾਪਸੀ ਕੀਤੀ
Published : Nov 23, 2024, 10:50 pm IST
Updated : Nov 23, 2024, 10:50 pm IST
SHARE ARTICLE
Assembly Election Results
Assembly Election Results

Assembly Election Results : ਦੋਹਾਂ ਸੂਬਿਆਂ ਦੇ ਵੋਟਰਾਂ ਨੇ ਸੱਤਾਧਾਰੀ ਪਾਰਟੀਆਂ ਦਾ ਭਾਰੀ ਸਮਰਥਨ ਕੀਤਾ

Assembly Election Results : ਮੁੰਬਈ/ਰਾਂਚੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਮਹਾਯੁਤੀ ਨੇ ਸਨਿਚਰਵਾਰ ਨੂੰ ਮਹਾਰਾਸ਼ਟਰ ’ਚ ਮਹਾ ਵਿਕਾਸ ਅਘਾੜੀ (ਐਮ.ਵੀ.ਏ.) ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ, ਜਦਕਿ ਝਾਰਖੰਡ ’ਚ ਵਿਰੋਧੀ ਗਠਜੋੜ ‘ਇੰਡੀਆ’ (ਇੰਡੀਅਨ ਨੈਸ਼ਨਲ ਡੈਮੋਕ੍ਰੇਟਿਕ ਇਨਕਲੂਸਿਵ ਅਲਾਇੰਸ) ਨੇ ਸੱਤਾ ’ਤੇ ਅਪਣਾ ਕਬਜ਼ਾ ਬਰਕਰਾਰ ਰੱਖਿਆ। ਦੋਹਾਂ ਸੂਬਿਆਂ ਦੇ ਵੋਟਰਾਂ ਨੇ ਸੱਤਾਧਾਰੀ ਪਾਰਟੀਆਂ ਦਾ ਭਾਰੀ ਸਮਰਥਨ ਕੀਤਾ। 

ਦੋਹਾਂ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਸੰਕੇਤ ਮਿਲ ਰਹੇ ਸਨ ਕਿ ਮਹਾਰਾਸ਼ਟਰ ’ਚ ਭਾਜਪਾ ਲਈ ਜਸ਼ਨ ਮਨਾਉਣ ਦਾ ਸਮਾਂ ਆ ਗਿਆ ਹੈ। ਚੋਣਾਂ ਦੌਰਾਨ ਪਾਰਟੀ ਨੇ ‘ਕਟੇਂਗੇ ਤੋ ਬਟੇਂਗੇ’ ਅਤੇ ‘ਏਕ ਹੈਂ ਤੋਂ ਸੇਫ਼ ਹੈਂ’ ਵਰਗੇ ਨਾਅਰਿਆਂ ’ਤੇ ਜ਼ੋਰ ਦਿਤਾ ਸੀ। 
ਭਾਜਪਾ ਨੇ ਮਹਾਰਾਸ਼ਟਰ ਦੀਆਂ 149 ਸੀਟਾਂ ’ਤੇ ਚੋਣ ਲੜੀ ਸੀ, ਜਿਸ ’ਚੋਂ ਉਸ ਨੇ 132 ਸੀਟਾਂ ਜਿੱਤੀਆਂ। ਅਪਣੇ ਸਹਿਯੋਗੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਸੱਤਾਧਾਰੀ ਮਹਾਯੁਤੀ ਗਠਜੋੜ ਨੇ ਸੂਬੇ ਦੀਆਂ 288 ਸੀਟਾਂ ’ਚੋਂ 232 ਸੀਟਾਂ ਜਿੱਤ ਲਈਆਂ ਹਨ। ਜਦਕਿ ਕਾਂਗਰਸ, ਸ਼ਿਵ ਸੈਨਾ-ਯੂ.ਬੀ.ਟੀ. ਅਤੇ ਐਨ.ਸੀ.ਪੀ.-ਐਸ.ਪੀ. ਗਠਜੋੜ ਸਿਰਫ 49 ਸੀਟਾਂ ’ਤੇ ਸਿਮਟ ਗਿਆ ਹੈ। 

ਮਹਾਰਾਸ਼ਟਰ ’ਚ ਨਿਰਣਾਇਕ ਫੈਸਲੇ ਤੋਂ ਹੈਰਾਨ ਵਿਰੋਧੀ ਧਿਰ ਨੂੰ ਝਾਰਖੰਡ ’ਚ ਰਾਹਤ ਮਿਲੀ, ਜਿੱਥੇ ਵੋਟਰਾਂ ਨੇ ਜੇ.ਐਮ.ਐਮ. ਦੀ ਅਗਵਾਈ ਵਾਲੇ ਗਠਜੋੜ ਨੂੰ ਵੋਟ ਦਿਤੀ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ 81 ਮੈਂਬਰੀ ਝਾਰਖੰਡ ਵਿਧਾਨ ਸਭਾ ’ਚ ਭਾਜਪਾ ਨੇ 21 ਸੀਟਾਂ ਜਿੱਤੀਆਂ ਹਨ, ਜਦਕਿ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਨੇ 34, ਕਾਂਗਰਸ ਨੇ 16, ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇ ਚਾਰ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਨੇ ਇਕ ਸੀਟ ਜਿੱਤੀ ਹੈ। ਇਸ ਤਰ੍ਹਾਂ ਸੂਬੇ ਦੇ ‘ਇੰਡੀਆ’ ਗਠਜੋੜ ਦੀ ਕੁਲ ਸੀਟਾਂ ਦੀ ਗਿਣਤੀ ਵਧ ਕੇ 56 ਹੋ ਗਈ ਹੈ। ਪਾਰਟੀ ਕਾਰਕੁਨਾਂ ਨੇ ਇਕ-ਦੂਜੇ ’ਤੇ ਰੰਗ ਛਿੜਕ ਕੇ, ਢੋਲ ਦੀ ਤਾਪ ’ਤੇ ਨੱਚ ਕੇ ਅਤੇ ਵੱਖ-ਵੱਖ ਥਾਵਾਂ ’ਤੇ ਮਠਿਆਈਆਂ ਵੰਡ ਕੇ ਜਸ਼ਨ ਮਨਾਇਆ। 

ਝਾਰਖੰਡ ’ਚ ਭਾਜਪਾ ਦਾ ਚੋਣ ਮੁੱਦਾ ਸੰਥਾਲ ਪਰਗਨਾ ਖੇਤਰ ਤੋਂ ‘ਘੁਸਪੈਠੀਆਂ’ ਨੂੰ ਬਾਹਰ ਕੱਢਣਾ ਸੀ, ਪਰ ਜੇ.ਐਮ.ਐਮ. ਵਲੋਂ ਖੇਡੇ ਗਏ ‘ਕਬਾਇਲੀ’ ਕਾਰਡ ਦੇ ਸਾਹਮਣੇ ਇਹ ਅਸਫਲ ਹੋ ਗਿਆ। ਸੋਰੇਨ ਦੀ ਗ੍ਰਿਫਤਾਰੀ ਨੇ ਉਨ੍ਹਾਂ ਦੀ ਪਾਰਟੀ ਲਈ ਲੋਕਾਂ ਵਿਚ ਹਮਦਰਦੀ ਵੀ ਪੈਦਾ ਕੀਤੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਦੀ ਨਾਮਜ਼ਦਗੀ ਨੂੰ ਲੈ ਕੇ ਭਾਜਪਾ ਦੇ ਅੰਦਰ ਮਤਭੇਦ ਕਾਰਨ ਪਾਰਟੀ ਨੂੰ ਨੁਕਸਾਨ ਹੋਇਆ ਹੈ। ਝਾਰਖੰਡ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਸਹਿ-ਇੰਚਾਰਜ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਲੋਕਾਂ ਦੇ ਫਤਵੇ ਨੂੰ ਮਨਜ਼ੂਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਲੋਕਤੰਤਰ ਦਾ ਅਸਲ ਸਾਰ ਹੈ। 

ਦੂਜੇ ਪਾਸੇ ਸਿਆਸੀ ਤੌਰ ’ਤੇ ਮਹੱਤਵਪੂਰਨ ਪਛਮੀ ਸੂਬਾ ਮਹਾਰਾਸ਼ਟਰ, ਜੋ ਲੋਕ ਸਭਾ ਲਈ 48 ਸੰਸਦ ਮੈਂਬਰ ਭੇਜਦਾ ਹੈ, ਨੇ ਸੰਸਦੀ ਚੋਣਾਂ ’ਚ ਐਮ.ਵੀ.ਏ. ਨੂੰ ਫੈਸਲਾਕੁਨ 30 ਸੀਟਾਂ ’ਤੇ ਜਿੱਤ ਦਿਵਾਈ ਸੀ, ਪਰ ਇਸ ਵਾਰ ਅਪਣਾ ਰੁਖ ਬਦਲਣ ਦਾ ਫੈਸਲਾ ਕੀਤਾ। ਭਾਜਪਾ ਨੇ 132, ਸ਼ਿਵ ਸੈਨਾ ਨੇ 57 ਅਤੇ ਐਨ.ਸੀ.ਪੀ. ਨੇ 41 ਸੀਟਾਂ ਜਿੱਤੀਆਂ, ਜਦਕਿ ਕਾਂਗਰਸ ਸਿਰਫ 16 ਸੀਟਾਂ ’ਤੇ, ਸ਼ਿਵ ਸੈਨਾ-ਯੂ.ਬੀ.ਟੀ. 20 ਅਤੇ ਐਨ.ਸੀ.ਪੀ.-ਐਸ.ਪੀ. 10 ਸੀਟਾਂ ’ਤੇ ਅੱਗੇ ਹੈ। 

ਇਹ ਨਤੀਜੇ ਭਾਜਪਾ ਲਈ ਉਤਸ਼ਾਹਜਨਕ ਹਨ, ਜਿਸ ਨੇ ਪਿਛਲੇ ਮਹੀਨੇ ਹਰਿਆਣਾ ਵਿਚ ਤੀਜੀ ਵਾਰ ਜਿੱਤ ਹਾਸਲ ਕੀਤੀ ਸੀ। ਇਹ ਨਤੀਜੇ ਆਮ ਚੋਣਾਂ ਦੌਰਾਨ ਸੂਬੇ ’ਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਪਾਰਟੀ ਦਾ ਮਨੋਬਲ ਵਧਾਉਣਗੇ। ਭਾਜਪਾ ਨੇ ਲੋਕ ਸਭਾ ਚੋਣਾਂ ’ਚ 240 ਸੀਟਾਂ ਜਿੱਤੀਆਂ ਸਨ। 

ਦਵਿੰਦਰ ਫੜਨਵੀਸ ਤੀਜੀ ਵਾਰ ਬਣ ਸਕਦੇ ਨੇ ਮੁੱਖ ਮੰਤਰੀ

ਚੋਣਾਂ ਦੇ ਨਤੀਜੇ ਨਿਸ਼ਚਿਤ ਹੋਣ ਦੇ ਨਾਲ, ਹੁਣ ਧਿਆਨ ਭਾਜਪਾ ਨੇਤਾ ਦਵਿੰਦਰ ਫੜਨਵੀਸ ’ਤੇ ਹੈ, ਜਿਨ੍ਹਾਂ ਨੂੰ ਅਪਣੀ ਪਾਰਟੀ ਦੀ ਸ਼ਾਨਦਾਰ ਜਿੱਤ ਦੇ ਸੂਤਰਧਾਰ ਵਜੋਂ ਵੇਖਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ’ਚ ਅਜਿਹੀਆਂ ਖ਼ਬਰਾਂ ਹਨ ਕਿ ਸੂਬੇ ਦਾ ਦੂਜਾ ਬ੍ਰਾਹਮਣ ਮੁੱਖ ਮੰਤਰੀ ਤੀਜੀ ਵਾਰ ਅਹੁਦਾ ਸੰਭਾਲੇਗਾ। ਮਨੋਹਰ ਜੋਸ਼ੀ ਮਹਾਰਾਸ਼ਟਰ ਦੇ ਪਹਿਲੇ ਬ੍ਰਾਹਮਣ ਮੁੱਖ ਮੰਤਰੀ ਸਨ। ਹਾਲਾਂਕਿ, ਫੜਨਵੀਸ ਨੇ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਚਿਹਰੇ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ, ਮਹਾਯੁਤੀ ਨੇਤਾ ਫੈਸਲਾ ਕਰਨਗੇ। ਉਨ੍ਹਾਂ ਕਿਹਾ, ‘‘ਅੱਜ ਦਾ ਫੈਸਲਾ ਦਰਸਾਉਂਦਾ ਹੈ ਕਿ ਪੂਰਾ ਭਾਈਚਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੱਛੇ ਇਕਜੁੱਟ ਹੈ। ‘ਏਕ ਹੈਂ ਤੋਂ ਸੇਫ਼ ਹੈਂ’ ਦਾ ਨਾਅਰਾ ਸਫਲ ਰਿਹਾ ਹੈ, ਖ਼ਾਸਕਰ ਉਨ੍ਹਾਂ ਕੁੜੀਆਂ ਲਈ ਜਿਨ੍ਹਾਂ ਨੂੰ ਯੋਜਨਾ ਦਾ ਲਾਭ ਮਿਲਦਾ ਹੈ, ਜਿਨ੍ਹਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ।’’ ਮਹਾਰਾਸ਼ਟਰ ਦੇ ਫੈਸਲੇ ਨੇ ਮਹਾਯੁਤੀ ਗਠਜੋੜ ਦੇ ਅੰਦਰ ਭਾਜਪਾ ਨੂੰ ਮਜ਼ਬੂਤ ਕੀਤਾ ਹੈ ਅਤੇ ਦੇਵੇਂਦਰ ਫੜਨਵੀਸ ਦੇ ਦੁਬਾਰਾ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਖੋਲ੍ਹ ਦਿਤੀ ਹੈ। 

ਕਾਂਗਰਸ ਨੇ ਮਹਾਰਾਸ਼ਟਰ ’ਚ ਸਾਜ਼ਸ਼ ਦਾ ਦੋਸ਼ ਲਾਇਆ, ਕਿਹਾ, ਬਰਾਬਰ ਮੌਕੇ ਦੀ ਸਥਿਤੀ ਨੂੰ ਵਿਗਾੜਿਆ ਗਿਆ

ਨਵੀਂ ਦਿੱਲੀ : ਮਹਾਰਾਸ਼ਟਰ ਚੋਣ ਨਤੀਜਾ ਕਾਂਗਰਸ ਅਤੇ ਮਰਾਠਾ ਆਗੂ ਸ਼ਰਦ ਪਵਾਰ ਲਈ ਆਤਮ-ਨਿਰੀਖਣ ਦਾ ਵਿਸ਼ਾ ਹੈ। ਸੂਬੇ ’ਚ ਕਾਂਗਰਸ ਦੇ ਤਿੰਨ ਵੱਡੇ ਨੇਤਾ ਬਾਲਾ ਸਾਹਿਬ ਥੋਰਾਟ, ਪ੍ਰਿਥਵੀਰਾਜ ਚਵਾਨ ਅਤੇ ਨਾਨਾ ਪਟੋਲੇ ਹਾਰ ਗਏ ਹਨ। ਚੋਣ ਨਤੀਜਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਬੇਮਿਸਾਲ ਕਰਾਰ ਦਿਤਾ ਅਤੇ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ‘ਨਿਸ਼ਾਨਾ ਬਣਾ ਕੇ’ ਵਿਰੋਧੀ ਧਿਰ ਨੂੰ ਹਰਾਉਣ ਅਤੇ ਸੂਬੇ ’ਚ ਬਰਾਬਰ ਦੇ ਮੌਕਿਆਂ ਦੀ ਸਥਿਤੀ ਨੂੰ ਵਿਗਾੜਨ ਦੀ ਸਾਜ਼ਸ਼  ਰਚੀ ਗਈ। ਮੁੱਖ ਵਿਰੋਧੀ ਪਾਰਟੀ ਨੇ ਇਹ ਵੀ ਕਿਹਾ ਕਿ ਝਾਰਖੰਡ ਦੇ ਲੋਕਾਂ ਨੇ ਧਰੁਵੀਕਰਨ ਦੀ ਸਿਆਸਤ ਨੂੰ ਰੱਦ ਕਰ ਦਿਤਾ ਹੈ ਅਤੇ ਦੇਸ਼ ਨੂੰ ਸਕਾਰਾਤਮਕ ਸੰਦੇਸ਼ ਦਿਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ  ਪੋਸਟ ਕੀਤਾ, ‘‘ਮਹਾਰਾਸ਼ਟਰ ਦੇ ਨਤੀਜੇ ਬੇਮਿਸਾਲ ਹਨ। ਪਾਰਟੀ ਇਸ ਨਤੀਜੇ ਦੇ ਅਸਲ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਅਪਣੇ ਆਗੂਆਂ, ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਅਸੀਂ ਛਤਰਪਤੀ ਸ਼ਿਵਾਜੀ, ਸ਼ਾਹੂਜੀ, ਫੂਲੇ ਅਤੇ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਦੇ ਸੱਚੇ ਪ੍ਰਤੀਕ ਹਾਂ, ਲੜਾਈ ਲੰਮੀ ਹੈ ਅਤੇ ਅਸੀਂ ਜਨਤਕ ਮੁੱਦੇ ਉਠਾਉਂਦੇ ਰਹਾਂਗੇ।’’ 

ਪ੍ਰਧਾਨ ਮੰਤਰੀ ਮੋਦੀ ਨੇ ਮਹਾਰਾਸ਼ਟਰ ਦੇ ਨਤੀਜਿਆਂ ਨੂੰ ਵਿਕਾਸ ਦੀ ਜਿੱਤ ਦਸਿਆ, ਝਾਰਖੰਡ ’ਚ ਜੇ.ਐਮ.ਐਮ. ਗਠਜੋੜ ਨੂੰ ਵਧਾਈ ਦਿਤੀ  

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਐਨ.ਡੀ.ਏ. ਦੀ ਸ਼ਾਨਦਾਰ ਜਿੱਤ ਦੀ ਸ਼ਲਾਘਾ ਕਰਦਿਆਂ ਇਸ ਨੂੰ ਵਿਕਾਸ ਅਤੇ ਚੰਗੇ ਸ਼ਾਸਨ ਦੀ ਜਿੱਤ ਦਸਿਆ ਅਤੇ ਲੋਕਾਂ ਨੂੰ ਭਰੋਸਾ ਦਿਤਾ ਕਿ ਸੱਤਾਧਾਰੀ ਗਠਜੋੜ ਸੂਬੇ ਦੀ ਤਰੱਕੀ ਲਈ ਕੰਮ ਕਰਨਾ ਜਾਰੀ ਰੱਖੇਗਾ।

‘ਐਕਸ’ ’ਤੇ  ਇਕ ਪੋਸਟ ’ਚ ਮੋਦੀ ਨੇ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੇ ਗਠਜੋੜ ਨੂੰ ਵਿਧਾਨ ਸਭਾ ਚੋਣਾਂ ’ਚ ਜਿੱਤ ਲਈ ਵਧਾਈ ਦਿਤੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਉਠਾਉਣ ’ਚ ਹਮੇਸ਼ਾ ਮੋਹਰੀ ਰਹੇਗੀ। ਮੋਦੀ ਨੇ ਅਪਣੀ ਪੋਸਟ ’ਚ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਵੀ ਟੈਗ ਕੀਤਾ, ਜੋ ਸੂਬੇ ’ਚ ‘ਇੰਡੀਆ’ ਗਠਜੋੜ ਦੀ ਅਗਵਾਈ ਕਰ ਰਹੇ ਹਨ। 

ਮੋਦੀ ਨੇ ਲਿਖਿਆ, ‘‘ਵਿਕਾਸ ਦੀ ਜਿੱਤ ਹੋਈ ਹੈ। ਚੰਗੇ ਸ਼ਾਸਨ ਦੀ ਜਿੱਤ ਹੋਈ ਹੈ। ਇਕੱਠੇ ਮਿਲ ਕੇ ਅਸੀਂ ਹੋਰ ਵੀ ਤਰੱਕੀ ਕਰਾਂਗੇ। ਐਨ.ਡੀ.ਏ. ਨੂੰ ਇਤਿਹਾਸਕ ਫਤਵਾ ਦੇਣ ਲਈ ਮੈਂ ਮਹਾਰਾਸ਼ਟਰ ਦੀਆਂ ਅਪਣੀਆਂ ਭੈਣਾਂ ਅਤੇ ਭਰਾਵਾਂ, ਖਾਸ ਕਰ ਕੇ ਸੂਬੇ ਦੇ ਨੌਜੁਆਨਾਂ ਅਤੇ ਔਰਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਇਹ ਪਿਆਰ ਬੇਮਿਸਾਲ ਹੈ।’’ ਉਨ੍ਹਾਂ ਨੇ ਲਿਖਿਆ, ‘‘ਜੈ ਮਹਾਰਾਸ਼ਟਰ।’’

ਉਨ੍ਹਾਂ ਕਿਹਾ, ‘‘ਪਾਰਟੀ ਦੇ ਵਰਕਰਾਂ ਨੇ ਸਖਤ ਮਿਹਨਤ ਕੀਤੀ, ਲੋਕਾਂ ਦੇ ਵਿਚਕਾਰ ਗਏ ਅਤੇ ਚੰਗੇ ਸ਼ਾਸਨ ਦੇ ਸਾਡੇ ਏਜੰਡੇ ’ਤੇ  ਵਿਸਥਾਰ ਨਾਲ ਚਰਚਾ ਕੀਤੀ। ਮੈਂ ਝਾਰਖੰਡ ਦੇ ਲੋਕਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕਰਦਾ ਹਾਂ। ਅਸੀਂ ਲੋਕਾਂ ਦੇ ਮੁੱਦਿਆਂ ਨੂੰ ਉਠਾਉਣ ਅਤੇ ਸੂਬੇ ਲਈ ਕੰਮ ਕਰਨ ਵਿਚ ਹਮੇਸ਼ਾ ਮੋਹਰੀ ਰਹਾਂਗੇ।’’ 

ਵਿਧਾਨ ਸਭਾ ਚੋਣਾਂ ’ਤੇ ਵੱਖੋ-ਵੱਖ ਆਗੂਆਂ ਦੀ ਪ੍ਰਤੀਕਿਰਿਆ 

‘‘ਮੈਂ ਸੂਬੇ ਦੀਆਂ ਸਾਰੀਆਂ ‘ਲਾਡਕੀ ਭੈਣਾਂ’ ਅਤੇ ਭਰਾਵਾਂ ਨੂੰ ਧਨਵਾਦ ਦਿੰਦਾ ਹਾਂ ਜਿਨ੍ਹਾਂ ਨੇ ਵੱਡੀ ਗਿਣਤੀ ’ਚ ਸਾਡੇ ਲਈ ਵੋਟਾਂ ਪਾਈਆਂ। ਵੋਟਾਂ ਦਾ ਰੁਝਾਨ ਸਾਡੇ ਕੰਮ ਦਾ ਸਮਰਥਨ ਹੈ।’’

-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ

‘‘ਏਕ ਹੈਂ ਤੋਂ ਸੇਫ਼ ਹੈਂ, ਮੋਦੀ ਹੈ ਤੋ ਮੁਮਕਿਨ ਹੈ।’’

-ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ

‘‘ਮੈਨੂੰ ਇਸ ’ਚ ਵੱਡੀ ਸਾਜ਼ਸ਼ ਨਜ਼ਰ ਆ ਰਹੀ ਹੈ। ਇਹ ਮਰਾਠੀ ‘ਮਾਨੁਸ਼’ ਅਤੇ ਕਿਸਾਨਾਂ ਦਾ ਫ਼ਤਵਾ ਨਹੀਂ ਹੈ। ਅਸੀਂ ਇਸ ਨੂੰ ਲੋਕਾਂ ਦਾ ਫ਼ਤਵਾ ਨਹੀਂ ਮੰਨਦੇ। ਚੋਣ ਨਤੀਜਿਆਂ ’ਚ ਕੁੱਝ ਗੜਬੜ ਹੈ।’’ 

-ਸ਼ਿਵ ਸੈਨਾ-ਯੂ.ਬੀ.ਟੀ. ਆਗੂ ਸੰਜੇ ਰਾਊਤ

‘‘ਚੋਣਾਂ ਨੂੰ ਭ੍ਰਿਸ਼ਟਾਚਾਰ ਦਾ ਦੂਜਾ ਨਾਂ ਬਣਾਉਣ ਵਾਲਿਆਂ ਦੇ ਹਥਕੰਡੇ ਤਸਵੀਰਾਂ ’ਚ ਕੈਦ ਹੋ ਕੇ ਦੁਨੀਆਂ ਸਾਹਮਣੇ ਉਜਾਗਰ ੋ ਚੁਕੇ ਹਨ। ਦੁਨੀਆਂ ਤੋਂ ਲੈ ਕੇ ਦੇਸ਼ ਅਤੇ ਉੱਤਰ ਪ੍ਰਦੇਸ਼ ਨੇ ਇਨ੍ਹਾਂ ਜ਼ਿਮਨੀ ਚੋਣਾਂ ’ਚ ਚੋਣ ਸਿਆਸਤ ਦਾ ਸਭ ਤੋਂ ਬੁਰਾ ਰੂਪ ਵੇਖਿਆ। ਝੂਠ ਦਾ ਸਮਾਂ ਹੋ ਸਕਦਾ ਹੈ ਪਰ ਯੁਗ ਨਹੀਂ।’’

-ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ

‘‘ਝਾਰਖੰਡ ਦੇ ਲੋਕਾਂ ਦਾ ‘ਇੰਡੀਆ’ ਗੱਠਜੋੜ ਨੂੰ ਵਿਸ਼ਾਲ ਫ਼ਤਵਾ ਦੇਣ ਲਈ ਦਿਲ ਤੋਂ ਧਨਵਾਦ। ਮੁੱਖ ਮੰਤਰੀ ਹੇਮੰਤ ਸੋਰੇਨ ਜੀ, ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਸਾਰੇ ਕਾਰਕੁਨਾਂ ਨੂੰ ਇਸ ਜਿੱਤ ਲਈ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ। ਸੂਬੇ ਦੇ ਗਠਜੋੜ ਦੀ ਇਹ ਜਿੱਤ ਸੰਵਿਧਾਨ ਨਾਲ ਜਲ-ਜੰਗਲ-ਜ਼ਮੀਨ ਦੀ ਰਾਖੀ ਦੀ ਜਿੱਤ ਹੈ। ਮਹਾਰਾਸ਼ਟਰ ਦੇ ਨਤੀਜੇ ਅਣਕਿਆਸੇ ਹਨ ਅਤੇ ਇਨ੍ਹਾਂ ’ਤੇ ਵਿਸਤਾਰ ਨਾਲ ਵਿਸ਼ਲੇਸ਼ਣ ਕੀਤਾ ਜਾਵੇਗਾ।’’ 

-ਕਾਂਗਰਸ ਆਗੂ ਰਾਹੁਲ ਗਾਂਧੀ

‘‘ਝਾਰਖੰਡ ’ਚ ਭਾਜਪਾ ਦੀ ਹਾਰ ਮੇਰੇ ਲਈ ਵਿਅਕਤੀਗਤ ਰੂਪ ’ਚ ਬਹੁਤ ਦੁਖਦ ਹੈ, ਭਾਵੇਂ ਹੀ ਅਸੀਂ ਅਸਮ ਜ਼ਿਮਨੀ ਚੋਣ ’ਚ ਸਾਰੀਆਂ ਪੰਜ ਸੀਟਾਂ ਜਿੱਤ ਲਈਆਂ ਹਨ। ਮੈਂ ਝਾਰਖੰਡ ’ਚ ਅਪਣੇ ਕਾਰਕੁਨਾਂ ਦੇ ਅਟੁੱਟ ਸਮਰਪਣ ਅਤੇ ਅਣਥੱਕ ਕੋਸ਼ਿਸ਼ਾਂ ਨੂੰ ਵੇਖਿਆ ਹੈ, ਜਿਨ੍ਹਾਂ ਨੇ ਇਸ ਚੋਣ ’ਚ ਅਪਣਾ ਸਾਰਾ ਕੁੱਝ ਲਗਾ ਦਿਤਾ ਸੀ।’’ 

-ਅਸਮ ਦੇ ਮੁੱਖ ਮੰਤਰੀ ਹਿਮੰਤਾ ਵਿਸ਼ਵਾ ਸ਼ਰਮਾ

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement