
2016 'ਚ ਕਈ ਵਾਰ ਕੀਤਾ ਸੀ ਬਲਾਤਕਾਰ, ਧੀ ਨੂੰ ਕਰ ਦਿੱਤਾ ਸੀ ਗਰਭਵਤੀ
ਇਡੁੱਕੀ - ਸ਼ੁੱਕਰਵਾਰ ਨੂੰ ਕੇਰਲ ਦੀ ਇੱਕ ਅਦਾਲਤ ਨੇ 2016 ਵਿੱਚ ਆਪਣੀ ਹੀ ਧੀ ਨਾਲ ਬਲਾਤਕਾਰ ਅਤੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਕੁੱਲ 31 ਸਾਲ ਕੈਦ ਦੀ ਸਜ਼ਾ ਸੁਣਾਈ।
ਫ਼ਾਸਟ ਟਰੈਕ ਜੱਜ ਟੀ.ਜੀ. ਵਰਗੀਜ ਨੇ ਗਰਭਪਾਤ ਕੀਤੇ ਭਰੂਣ ਨਾਲ ਡੀ.ਐ.ਨਏ. ਮਿਲਾਣ ਸਬੂਤਾਂ ਦੇ ਆਧਾਰ 'ਤੇ ਵਿਅਕਤੀ ਨੂੰ ਦੋਸ਼ੀ ਠਹਿਰਾਇਆ, ਕਿਉਂਕਿ ਪੀੜਤ ਅਤੇ ਉਸ ਦੀ ਮਾਂ ਸਮੇਤ ਹੋਰ ਗਵਾਹਾਂ ਨੇ ਪ੍ਰਭਾਵਿਤ ਹੋ ਕੇ ਦੋਸ਼ੀ ਦੇ ਹੱਕ ਵਿੱਚ ਗਵਾਹੀ ਦਿੱਤੀ ਸੀ।
ਵਿਸ਼ੇਸ਼ ਸਰਕਾਰੀ ਵਕੀਲ ਸ਼ਿਜੋ ਮੋਨ ਜੋਸੇਫ਼ ਨੇ ਕਿਹਾ ਕਿ ਸੱਚਾਈ ਉਦੋਂ ਸਾਹਮਣੇ ਆਈ ਜਦੋਂ ਭਰੂਣ ਤੋਂ ਲਿਆ ਗਿਆ ਨਮੂਨਾ ਦੋਸ਼ੀ ਦੇ ਖੂਨ ਦੇ ਨਮੂਨੇ ਨਾਲ ਮੇਲ ਖਾ ਗਿਆ।
ਜੋਸੇਫ਼ ਨੇ ਕਿਹਾ ਕਿ ਅਦਾਲਤ ਨੇ ਕਿਹਾ ਕਿ ਇੱਕ ਪਿਤਾ ਵੱਲੋਂ ਆਪਣੀ ਹੀ ਧੀ ਨਾਲ ਬਲਾਤਕਾਰ ਕਰਨਾ ਅਤੇ ਉਸ ਨੂੰ ਗਰਭਵਤੀ ਕਰ ਦੇਣਾ ਇੱਕ 'ਬੇਹੱਦ ਘਿਨਾਉਣੀ ਹਰਕਤ' ਹੈ ਅਤੇ ਦੋਸ਼ੀ ਕਿਸੇ ਵੀ ਰਹਿਮ ਦਾ ਹੱਕਦਾਰ ਨਹੀਂ।
ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਪ੍ਰੋਟੈਕਸ਼ਨ ਆਫ਼ ਚਿਲਡ੍ਰਨ ਫ਼ਰਾਮ ਸੈਕਸੂਅਲ ਆਫੈਂਸ (ਪੋਕਸੋ) ਐਕਟ ਤਹਿਤ ਵੱਖ-ਵੱਖ ਅਪਰਾਧਾਂ ਲਈ ਕੁੱਲ 31 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਜੋਸੇਫ ਨੇ ਕਿਹਾ ਕਿ ਇਹ ਘਟਨਾ 2016 ਦੀ ਹੈ, ਜਦੋਂ ਵਿਅਕਤੀ ਨੇ ਇਡੁੱਕੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਆਪਣੇ ਘਰ ਵਿੱਚ ਕਈ ਵਾਰ ਆਪਣੀ ਧੀ (ਜੋ ਉਸ ਸਮੇਂ 14 ਸਾਲ ਦੀ ਸੀ) ਦਾ ਜਿਨਸੀ ਸ਼ੋਸ਼ਣ ਕੀਤਾ ਸੀ।