
ਕਿਹਾ- ਕਸ਼ਮੀਰ ਤੱਕ ਜਾਵਾਂਗਾ ਯਾਤਰਾ ਦੇ ਨਾਲ, ਰਾਹੁਲ ਗਾਂਧੀ ਨੂੰ ਮਿਲੇ ਬਗ਼ੈਰ ਨਹੀਂ ਮੁੜਾਂਗਾ
ਹਰਿਆਣਾ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਹਰਿਆਣਾ ਵਿੱਚ ਇੱਕ ਅਨੋਖਾ ਯਾਤਰੀ ਆਇਆ ਹੈ। ਉੱਤਰ ਪ੍ਰਦੇਸ਼ (ਯੂ.ਪੀ.) ਦੇ ਇਸ ਯਾਤਰੀ ਨੇ ਰਾਹੁਲ ਗਾਂਧੀ ਨੂੰ ਮਿਲਣ ਲਈ 1409 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ ਪਰ ਅਜੇ ਤੱਕ ਉਹ ਰਾਹੁਲ ਨੂੰ ਨਹੀਂ ਮਿਲ ਸਕਿਆ ਹੈ। ਹਰਿਆਣਾ ਤੋਂ ਪਹਿਲਾਂ ਇਹ ਯਾਤਰੀ ਮੱਧ ਪ੍ਰਦੇਸ਼ (ਐਮਪੀ), ਗੁਜਰਾਤ ਅਤੇ ਰਾਜਸਥਾਨ ਦੀ ਯਾਤਰਾ ਕਰ ਚੁੱਕਿਆ ਹੈ।
ਉੱਤਰ ਪ੍ਰਦੇਸ਼ ਦੇ ਅਯੁੱਧਿਆ (ਫੈਜ਼ਾਬਾਦ) ਦਾ ਰਹਿਣ ਵਾਲਾ ਰਾਮ ਸੂਰਤ ਸੋਨੀ 32 ਦਿਨ ਪਹਿਲਾਂ ਰਾਹੁਲ ਗਾਂਧੀ ਨੂੰ ਮਿਲਣ ਲਈ ਸਾਈਕਲ 'ਤੇ ਨਿਕਲਿਆ ਸੀ। ਯੂਪੀ ਤੋਂ ਪਹਿਲਾਂ ਉਹ ਮੱਧ ਪ੍ਰਦੇਸ਼ ਗਿਆ ਅਤੇ ਫਿਰ ਗੁਜਰਾਤ ਅਤੇ ਰਾਜਸਥਾਨ ਤੋਂ ਹੁੰਦਾ ਹੋਇਆ ਹਰਿਆਣਾ ਪਹੁੰਚਿਆ। ਹੁਣ ਤੱਕ ਉਹ ਸਾਈਕਲ ਰਾਹੀਂ 1409 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਹੁਣ ਉਹ ਯਾਤਰਾ ਨਾਲ ਕਸ਼ਮੀਰ ਤੱਕ ਜਾਣਗੇ।
ਸਾਈਕਲ 'ਤੇ ਬੈਠ ਚੁੱਕੇ ਹਨ ਰਾਹੁਲ ਗਾਂਧੀ
ਰਾਮ ਸੂਰਤ ਸੋਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਅਮੇਠੀ (ਯੂ.ਪੀ.) 'ਚ ਆਪਣੇ ਸਾਈਕਲ 'ਤੇ ਬਿਠਾਇਆ ਹੈ। ਸੋਨੀ ਦਾ ਕਹਿਣਾ ਹੈ ਕਿ ਉਹ ਕਾਂਗਰਸ ਦੇ ਪੁਰਾਣੇ ਵਰਕਰ ਹਨ ਅਤੇ ਯੂਪੀ ਵਿੱਚ ਚੋਣ ਪ੍ਰਚਾਰ ਲਈ ਉਹ ਸਾਰਾ ਸਾਲ ਸਾਈਕਲ ’ਤੇ ਕਾਂਗਰਸ ਦਾ ਝੰਡਾ ਲੈ ਕੇ ਪ੍ਰਚਾਰ ਕਰਦੇ ਹਨ। ਸੋਨੀ ਦਾ ਕਹਿਣਾ ਹੈ ਕਿ ਉਹ ਰਾਹੁਲ ਗਾਂਧੀ ਨੂੰ ਮਿਲ ਕੇ ਕੋਈ ਅਹਿਮ ਗੱਲ ਕਰਨਾ ਚਾਹੁੰਦੇ ਹਨ।
ਸਫ਼ਰ ਦੌਰਾਨ ਉਨ੍ਹਾਂ ਨੂੰ ਠਹਿਰਨ ਲਈ ਥਾਂ ਨਹੀਂ ਮਿਲ ਸਕੀ ਇਸ ਲਈ ਉਸ ਨੇ ਆਪਣੇ ਸਾਈਕਲ 'ਤੇ ਹੀ ਸਾਰਾ ਜ਼ਰੂਰੀ ਸਾਮਾਨ ਰੱਖ ਲਿਆ। ਕਾਂਗਰਸ ਪਾਰਟੀ ਦੇ ਦੋ ਝੰਡਿਆਂ ਦੇ ਨਾਲ-ਨਾਲ ਉਨ੍ਹਾਂ ਨੇ ਸਾਈਕਲ 'ਤੇ ਹੀ ਗੱਦੇ ਅਤੇ ਖਾਣ-ਪੀਣ ਦਾ ਸਮਾਨ ਰੱਖਿਆ ਹੋਇਆ ਹੈ। ਸੋਨੀ ਨੇ ਦੱਸਿਆ ਕਿ ਸਰਦੀਆਂ ਵਿੱਚ ਮੁਸ਼ਕਲ ਆਉਂਦੀ ਹੈ, ਪਰ ਉਹ ਰਾਹੁਲ ਗਾਂਧੀ ਨੂੰ ਮਿਲੇ ਬਗ਼ੈਰ ਵਾਪਸ ਨਹੀਂ ਜਾਣਗੇ।