
ਜਸਟਿਸ (ਸੇਵਾਮੁਕਤ) ਅਰੁਣ ਕੁਮਾਰ ਮਿਸ਼ਰਾ ਦਾ ਕਾਰਜਕਾਲ 1 ਜੂਨ ਨੂੰ ਖਤਮ ਹੋਣ ਤੋਂ ਬਾਅਦ NHRC ਦੇ ਚੇਅਰਪਰਸਨ ਦਾ ਅਹੁਦਾ ਖਾਲੀ ਪਿਆ ਸੀ
ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਵੀ. ਰਾਮਾਸੁਬਰਾਮਣੀਅਮ ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਦਾ ਨਵਾਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਕਮਿਸ਼ਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਜਸਟਿਸ (ਸੇਵਾਮੁਕਤ) ਅਰੁਣ ਕੁਮਾਰ ਮਿਸ਼ਰਾ ਦਾ ਕਾਰਜਕਾਲ 1 ਜੂਨ ਨੂੰ ਖਤਮ ਹੋਣ ਤੋਂ ਬਾਅਦ NHRC ਦੇ ਚੇਅਰਪਰਸਨ ਦਾ ਅਹੁਦਾ ਖਾਲੀ ਪਿਆ ਸੀ। ਮਿਸ਼ਰਾ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅੱਠਵੇਂ ਚੇਅਰਮੈਨ ਵਜੋਂ ਸੇਵਾ ਨਿਭਾਈ। ਉਨ੍ਹਾਂ ਨੂੰ ਜੂਨ 2021 ’ਚ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ।
ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ 18 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਇਕ ਉੱਚ ਤਾਕਤੀ ਕਮੇਟੀ ਨੇ NHRC ਦੇ ਅਗਲੇ ਚੇਅਰਪਰਸਨ ਦੀ ਚੋਣ ਕਰਨ ਲਈ ਬੈਠਕ ਕੀਤੀ ਸੀ। ਚੋਣ ਕਮੇਟੀ ਦੀ ਸਿਫਾਰਸ਼ ’ਤੇ ਭਾਰਤ ਦੇ ਸਾਬਕਾ ਚੀਫ ਜਸਟਿਸ ਜਾਂ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਨੂੰ ਰਾਸ਼ਟਰਪਤੀ NHRC ਦਾ ਚੇਅਰਪਰਸਨ ਨਿਯੁਕਤ ਕਰਦੇ ਹਨ।
ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ (ਸੇਵਾਮੁਕਤ) ਰਾਮਾਸੁਬਰਾਮਣੀਅਮ ਨੂੰ NHRC ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। NHRC ਨੂੰ ਅੱਜ ਨਿਯੁਕਤੀ ਬਾਰੇ ਜਾਣਕਾਰੀ ਮਿਲੀ। ਸਾਬਕਾ ਸੀ.ਜੇ.ਆਈ. ਐਚ.ਐਲ. ਦੱਤੂ ਅਤੇ ਸਾਬਕਾ ਸੀ.ਜੇ.ਆਈ. ਕੇ.ਜੀ. ਬਾਲਾਕ੍ਰਿਸ਼ਨਨ ਉਨ੍ਹਾਂ ਲੋਕਾਂ ’ਚ ਸ਼ਾਮਲ ਹਨ ਜਿਨ੍ਹਾਂ ਨੇ ਪਿਛਲੇ ਸਮੇਂ ’ਚ NHRC ਦੀ ਅਗਵਾਈ ਕੀਤੀ ਹੈ।
NHRC ਨੇ ਕਿਹਾ ਕਿ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨੇ ਜਸਟਿਸ ਵੀ. ਰਾਮਾਸੁਬਰਾਮਣੀਅਮ (ਸੇਵਾਮੁਕਤ) ਨੂੰ ਚੇਅਰਪਰਸਨ ਅਤੇ ਪ੍ਰਿਯੰਕ ਕਾਨੂੰਗੋ ਅਤੇ ਡਾ. ਬਿਦਯੁਤ ਰੰਜਨ ਸਾਰੰਗੀ (ਸੇਵਾਮੁਕਤ) ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (NHRC), ਭਾਰਤ ਦਾ ਮੈਂਬਰ ਨਿਯੁਕਤ ਕੀਤਾ ਹੈ। ਕਾਨੂੰਗੋ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (NCPCR) ਦੀ ਸਾਬਕਾ ਚੇਅਰਪਰਸਨ ਹੈ। ਉਨ੍ਹਾਂ ਕਿਹਾ, ‘‘ਹੁਣ NHRC ਮੈਂਬਰ ਹੋਣ ਦੇ ਨਾਤੇ ਮੈਂ ਅਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਕੋਸ਼ਿਸ਼ ਕਰਾਂਗਾ।’’
ਸੁਪਰੀਮ ਕੋਰਟ ਦੇ ਸਾਬਕਾ ਜੱਜ ਮਿਸ਼ਰਾ 2019 ’ਚ ਮਨੁੱਖੀ ਅਧਿਕਾਰ ਸੁਰੱਖਿਆ ਕਾਨੂੰਨ ’ਚ ਸੋਧ ਤੋਂ ਬਾਅਦ NHRC ਮੁਖੀ ਨਿਯੁਕਤ ਹੋਣ ਵਾਲੇ ਪਹਿਲੇ ਗੈਰ-ਚੀਫ ਜਸਟਿਸ ਵੀ ਸਨ। ਉਨ੍ਹਾਂ ਨੇ ਭਾਰਤ ਦੇ ਸਾਬਕਾ ਚੀਫ ਜਸਟਿਸ ਐਚ.ਐਲ. ਦੱਤੂ ਦੀ ਥਾਂ ਲਈ। ਮਿਸ਼ਰਾ ਦਾ ਕਾਰਜਕਾਲ 2 ਜੂਨ ਨੂੰ ਖਤਮ ਹੋਣ ਤੋਂ ਬਾਅਦ NHRC ਮੈਂਬਰ ਵਿਜੇ ਭਾਰਤੀ ਸਯਾਨੀ ਇਸ ਦੇ ਕਾਰਜਕਾਰੀ ਪ੍ਰਧਾਨ ਬਣੇ।