
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰੁਜ਼ਗਾਰ, ਭ੍ਰਿਸ਼ਟਾਚਾਰ, ਕਿਸਾਨਾਂ, ਸਿਖਿਆ ਅਤੇ ਸਿਹਤ ਦੇ ਮੁੱਦਿਆਂ 'ਤੇ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਤੇ ਦੋਸ਼ ਲਾਇਆ.......
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰੁਜ਼ਗਾਰ, ਭ੍ਰਿਸ਼ਟਾਚਾਰ, ਕਿਸਾਨਾਂ, ਸਿਖਿਆ ਅਤੇ ਸਿਹਤ ਦੇ ਮੁੱਦਿਆਂ 'ਤੇ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਤੇ ਦੋਸ਼ ਲਾਇਆ ਕਿ ਇਹ ਸਰਕਾਰ ਮੰਨਣ ਨੂੰ ਤਿਆਰ ਹੀ ਨਹੀਂ ਕਿ ਦੇਸ਼ ਵਿਚ ਬੇਰੁਜ਼ਗਾਰੀ ਦਾ ਸੰਕਟ ਹੈ। ਉਹ ਸਿਖਿਆ, ਦਸ਼ਾ ਅਤੇ ਦਿਸ਼ਾ ਨਾਮਕ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸਵਾਲ ਦੇ ਜਵਾਬ ਵਿਚ ਕਿਹਾ, 'ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨ ਗੁੱਸੇ ਹਨ ਅਤੇ ਕੱਟੜਵਾਦੀ ਇਸ ਦਾ ਫ਼ਾਇਦਾ ਚੁੱਕ ਰਹੇ ਹਨ। ਸਾਡਾ ਮੁੱਖ ਮੁਕਾਬਲਾ ਚੀਨ ਨਾਲ ਹੈ ਪਰ ਸਰਕਾਰ ਇਹ ਨਹੀਂ ਮੰਨ ਰਹੀ ਕਿ ਦੇਸ਼ ਵਿਚ ਰੁਜ਼ਗਾਰ ਦਾ ਸੰਕਟ ਹੈ।'
ਰਾਹੁਲ ਨੇ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਦੇਸ਼ ਲਈ ਜਾਨ ਵਾਰਨ ਵਾਲੇ ਅਰਧਸੈਨਿਕ ਬਲਾਂ ਦੇ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਦਿਤਾ ਜਾਵੇਗਾ। ਰਾਹੁਲ ਜੀਨਜ਼, ਟੀ-ਸ਼ਰਟ ਅਤੇ ਹਾਫ਼ ਜੈਕੇਟ ਪਾ ਕੇ ਪ੍ਰੋਗਰਾਮ ਵਿਚ ਆਏ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕੌਮੀ ਤਰਾਨੇ ਤੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ। ਗਾਂਧੀ ਨੇ ਦੇਸ਼ ਦੀ ਸਿਖਿਆ ਵਿਵਸਥਾ ਵਿਚ ਖ਼ਾਸ ਵਿਚਾਰਧਾਰਾ ਲੱਦੇ ਜਾਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ, 'ਤੁਸੀਂ ਕਿਸੇ ਵੀ ਯੂਨੀਵਰਸਿਟੀ ਵਿਚ ਪੁੱਛ ਲਉ, ਪਤਾ ਲੱਗੇਗਾ ਕਿ ਕੁਲਪਤੀ ਦੇ ਅਹੁਦੇ 'ਤੇ ਇਕ ਵਿਚਾਰਧਾਰਾ ਅਤੇ ਇਕ ਸੰਗਠਨ ਦੇ ਲੋਕ ਬਿਠਾਏ ਜਾ ਰਹੇ ਹਨ।
ਉਹ ਹਿੰਦੁਸਤਾਨ ਦੀ ਸਿਖਿਆ ਵਿਵਸਥਾ ਨੂੰ ਅਪਣਾ ਹਥਿਆਰ ਬਣਾਉਣਾ ਚਾਹੁੰਦੇ ਹਨ।' ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਸੰਸਥਾਵਾਂ ਨੂੰ ਆਜ਼ਾਦੀ ਦੇਣੀ ਹੈ, ਪੂਰਾ ਧਨ ਦੇਣਾ ਹੈ। ਇਹ ਨਹੀਂ ਕਹਿਣਾ ਕਿ ਉਨ੍ਹਾਂ ਕੀ ਕਰਨਾ ਹੈ। ਇਹੋ ਸਾਡੇ ਅਤੇ ਉਨ੍ਹਾਂ ਵਿਚਾਲੇ ਫ਼ਰਕ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਨੇ ਸਿਖਿਆ ਬਜਟ ਵਿਚ ਕਟੌਤੀ ਕੀਤੀ ਹੈ
ਅਤੇ ਉਹ ਸਿਖਿਆ ਨੂੰ ਨਿਜੀ ਸਮੂਹਾਂ ਦੇ ਹੱਥਾਂ ਵਿਚ ਸੌਂਪ ਰਹੀ ਹੈ। ਉਨ੍ਹਾਂ ਨਰਿੰਦਰ ਮੋਦੀ 'ਤੇ ਵਿਅੰਗ ਕਸਦਦਿਆਂ ਕਿਹਾ, 'ਕੁੱਝ ਲੋਕ ਮੈਨੂੰ ਪਸੰਦ ਕਰਨਗੇ, ਕੁੱਝ ਨਾਪਸੰਦ ਕਰਨਗੇ ਪਰ ਤੁਸੀਂ ਜਿਸ ਦਾ ਵੀ ਸਮਰਥਨ ਕਰ ਰਹੇ ਹੋ, ਉਸ ਵਿਚ ਹਿੰਮਤ ਹੋਣੀ ਚਹੀਦੀ ਹੈ ਕਿ ਉਹ ਤੁਹਾਡੇ ਸਾਹਮਣੇ ਖਲੋ ਕੇ ਤੁਹਾਡੀ ਗੱਲ ਸੁਣ ਸਕੇ, ਤੁਹਾਨੂੰ ਗਲ ਲਾ ਸਕੇ। (ਏਜੰਸੀ)