
ਇਸ ਕਦਮ ਦਾ ਉਦੇਸ਼ ਘੁਸਪੈਠ ਵਿਰੋਧੀ ਤੰਤਰ ਨੂੰ ਮਜ਼ਬੂਤ ਕਰਨਾ ਅਤੇ ਗੋਲਾ-ਬਾਰੂਦ ਜਾਂ ਨਸ਼ੀਲੇ ਪਦਾਰਥ ਲਿਜਾਣ ਵਾਲੇ ਡਰੋਨਾਂ ਨੂੰ ਰੋਕਣਾ ਹੈ
ਨਵੀਂ ਦਿੱਲੀ : ਸਰਹੱਦੀ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਪੰਜਾਬ ਅਤੇ ਜੰਮੂ ’ਚ ਭਾਰਤ-ਪਾਕਿ ਸਰਹੱਦ ’ਤੇ ਅਪਣੀਆਂ ਚੌਕੀਆਂ ’ਤੇ ਵਾਧੂ ਜਵਾਨ ਤਾਇਨਾਤ ਕਰਨ ਦੇ ਹੁਕਮ ਦਿਤੇ ਹਨ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਇਸ ਕਦਮ ਦਾ ਉਦੇਸ਼ ਘੁਸਪੈਠ ਵਿਰੋਧੀ ਤੰਤਰ ਨੂੰ ਮਜ਼ਬੂਤ ਕਰਨਾ ਅਤੇ ਗੋਲਾ-ਬਾਰੂਦ ਜਾਂ ਨਸ਼ੀਲੇ ਪਦਾਰਥ ਲਿਜਾਣ ਵਾਲੇ ਡਰੋਨਾਂ ਨੂੰ ਰੋਕਣਾ ਹੈ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਚੰਡੀਗੜ੍ਹ ਸਥਿਤ ਸੀਮਾ ਸੁਰੱਖਿਆ ਬਲ ਦੀ ਪਛਮੀ ਕਮਾਂਡ ਨੇ ਇਨ੍ਹਾਂ ਦੋਹਾਂ ਖੇਤਰਾਂ ’ਚ ਫਰੰਟਲਾਈਨ ’ਤੇ 9 ‘ਰਣਨੀਤਕ’ ਹੈੱਡਕੁਆਰਟਰ ਸਥਾਪਤ ਕਰਨ ਦੇ ਹੁਕਮ ਦਿਤੇ ਹਨ। ਇਨ੍ਹਾਂ ਖੇਤਰਾਂ ’ਚ ਜ਼ਿਆਦਾਤਰ ਖੁਫੀਆ ਅਤੇ ਸੰਚਾਲਨ ਉਪਕਰਣਾਂ ਨੂੰ ਨਵੇਂ ਬਣਾਏ ਗਏ ਕੰਟਰੋਲ ਰੂਮ ਦੀ ਨਿਗਰਾਨੀ ਹੇਠ ‘ਸ਼ਿਫਟ’ ਕੀਤਾ ਜਾ ਰਿਹਾ ਹੈ।
ਰਣਨੀਤਕ ਜਾਂ ‘ਟੈਂਕ ਹੈੱਡਕੁਆਰਟਰ’ ਇਕ ਫਾਰਵਰਡ ਪੋਸਟ ਹੁੰਦੀ ਹੈ, ਜੋ ਸਰਹੱਦੀ ਚੌਕੀ ਦੇ ਨੇੜੇ ਅਤੇ ਬਟਾਲੀਅਨ ਪੋਸਟ ਤੋਂ ਅੱਗੇ ਹੁੰਦੀ ਹੈ। ਸੂਤਰਾਂ ਮੁਤਾਬਕ ‘ਟੈਕ ਹੈੱਡਕੁਆਰਟਰ’ ’ਚ ਬਟਾਲੀਅਨ ਦੇ ਕਮਾਂਡਿੰਗ ਅਫਸਰ (ਸੀ.ਓ.) ਸਮੇਤ ਸਾਰੇ ਵਿਭਾਗਾਂ ਦੇ ਸੀਨੀਅਰ ਕਮਾਂਡਰ ਵੀ ਮੌਜੂਦ ਰਹਿਣਗੇ, ਜਿਨ੍ਹਾਂ ਦੀ ਯੂਨਿਟ ਇਨ੍ਹਾਂ ਸੰਵੇਦਨਸ਼ੀਲ ਸਰਹੱਦੀ ਚੌਕੀਆਂ ’ਤੇ ਤਾਇਨਾਤ ਹੈ।
ਅਧਿਕਾਰੀਆਂ ਨੇ ਦਸਿਆ ਕਿ ਬੀ.ਐਸ.ਐਫ. ਦੇ ਵੱਧ ਤੋਂ ਵੱਧ ਜਵਾਨਾਂ ਨੂੰ ਬਟਾਲੀਅਨ ਹੈੱਡਕੁਆਰਟਰ ਤੋਂ ਦੋਹਾਂ ਖੇਤਰਾਂ ’ਚ ਸਰਹੱਦ ਦੀ ਰਾਖੀ ਕਰਨ ਵਾਲੀਆਂ ਇਕਾਈਆਂ ’ਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।