
ਕੌਮੀ ਗ੍ਰੀਨ ਟ੍ਰਿਬਿਊਨਲ ਨੇ ਸਾਰੇ ਰਾਜਾਂ ਨੂੰ ਬਰਸਾਤੀ ਮੌਸਮ ਵਿਚ ਆਪੋ-ਅਪਣੀਆਂ ਨਦੀਆਂ ਵਿਚ ਘੱਟੋ ਘੱਟ 15 ਤੋਂ 20 ਫ਼ੀ ਸਦੀ ਔਸਤ ਜਲਵਾਯੂ ਵਹਾਅ ਰੱਖਣ ਦਾ ਨਿਰਦੇਸ਼ ਦਿਤਾ ਹੈ
ਨਵੀਂ ਦਿੱਲੀ, 13 ਅਗੱਸਤ : ਕੌਮੀ ਗ੍ਰੀਨ ਟ੍ਰਿਬਿਊਨਲ ਨੇ ਸਾਰੇ ਰਾਜਾਂ ਨੂੰ ਬਰਸਾਤੀ ਮੌਸਮ ਵਿਚ ਆਪੋ-ਅਪਣੀਆਂ ਨਦੀਆਂ ਵਿਚ ਘੱਟੋ ਘੱਟ 15 ਤੋਂ 20 ਫ਼ੀ ਸਦੀ ਔਸਤ ਜਲਵਾਯੂ ਵਹਾਅ ਰੱਖਣ ਦਾ ਨਿਰਦੇਸ਼ ਦਿਤਾ ਹੈ। ਵਾਤਾਵਰਣ ਪ੍ਰਵਾਹ ਪਾਣੀ ਨੂੰ ਤਾਜ਼ਾ ਰੱਖਣ ਅਤੇ, ਜ਼ਰੂਰੀ ਜਲ ਵਹਾਅ ਦੀ ਮਿਕਦਾਰ, ਸਮਾਂ ਅਤੇ ਗੁਣਵੱਤਾ ਨੂੰ ਪਰਿਭਾਸ਼ਤ ਕਰਦਾ ਹੈ।
ਐਨਜੀਟੀ ਦੇ ਮੁਖੀ ਜੱਜ ਸਵਤੰਤਰ ਕੁਮਾਰ ਨੇ ਕਿਹਾ ਕਿ ਦੇਸ਼ ਵਿਚ ਸਾਰੀਆਂ ਨਦੀਆਂ ਬਰਸਾਤੀ ਮੌਸਮ ਵਿਚ 15 ਤੋਂ 20 ਫ਼ੀ ਸਦੀ ਦਾ ਔਸਤ ਪ੍ਰਵਾਹ ਕਾਇਮ ਰੱਖਣ। ਉਨ੍ਹਾਂ ਕਿਹਾ ਕਿ ਜਿਹੜਾ ਵੀ ਰਾਜ ਇਹ ਪ੍ਰਵਾਹ ਕਾਇਮ ਰੱਖਣ ਤੋਂ ਅਸਮਰੱਥ ਹੈ, ਉਸ ਹਾਲਤ ਵਿਚ ਅਸੀਂ ਉਸ ਰਾਜ ਨੂੰ ਵਾਤਾਵਰਣ ਅਤੇ ਵਣ ਮੰਤਰਾਲੇ ਦੇ ਸਕੱਤਰ ਕੋਲ ਜਾਣ ਦੀ ਇਜਾਜ਼ਤ ਦਿੰਦੇ ਹਾਂ ਜਿਹੜਾ ਜਲ ਸਰੋਤ ਮੰਤਰਾਲੇ ਦੀ ਸਲਾਹ ਨਾਲ ਅਜਿਹੀ ਸਥਿਤੀ ਦੀ ਜਾਂਚ ਕਰੇਗਾ। ਵਾਤਾਵਰਣ ਮੰਤਰਾਲੇ ਦੇ ਵਕੀਲ ਨੇ ਟ੍ਰਿਬਿਊਨਲ ਨੂੰ ਕਿਹਾ ਇਸ ਨੇ ਛੇ ਨਦੀ ਬੇਸਿਨ-ਸਿਆਂਗ, ਤਵਾਂਗ, ਬਿਸ਼ਮ, ਸੁਬਨਸਿਰੀ, ਦਿਬਾਂਗ ਅਤੇ ਲੋਹਿਤ ਦਾ ਅਧਿਐਨ ਪੂਰਾ ਕਰ ਲਿਆ ਹੈ। (ਏਜੰਸੀ)