ਕਿਹਾ - ਪੁਲਿਸ ਦਾ ਪਹਿਲਾ ਕੰਮ ਟ੍ਰੈਫ਼ਿਕ ਨੂੰ ਕਾਬੂ ਕਰਨਾ ਹੈ ਨਾ ਕਿ ਜਾਂਚ ਦੇ ਬਹਾਨੇ ਜਾਮ ਲਗਾਉਣਾ
ਪੰਜਾਬ, ਹਰਿਆਣਾ ਅਤੇ UT ਦੇ DGP ਤੋਂ ਵਾਹਨਾਂ ਦੀ ਜਾਂਚ ਨੂੰ ਲੈ ਕੇ ਅਧਿਕਾਰਾਂ ਸਬੰਧੀ ਮੰਗਿਆ ਜਵਾਬ
ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਹੁਣ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਡੀਜੀਪੀਜ਼ ਨੂੰ ਹੁਕਮ ਦਿੱਤੇ ਹਨ ਕਿ ਉਹ ਰਾਸ਼ਟਰੀ ਅਤੇ ਰਾਜ ਮਾਰਗ 'ਤੇ ਦੂਜੇ ਰਾਜਾਂ ਦੇ ਵਾਹਨਾਂ ਨੂੰ ਰੋਕਣ ਤੇ ਦਸਤਾਵੇਜ਼ਾਂ ਦੀ ਜਾਂਚ ਕਰਨ ਦੇ ਮਾਮਲੇ ਵਿੱਚ ਟ੍ਰੈਫ਼ਿਕ ਪੁਲਿਸ ਦੀਆਂ ਸ਼ਕਤੀਆਂ, ਡਿਊਟੀਆਂ ਅਤੇ ਸੇਵਾ ਨਿਯਮਾਂ ਨਾਲ ਸਬੰਧਤ ਜਾਣਕਾਰੀ ਸੌਂਪਣ। ਹਾਈਕੋਰਟ ਨੇ ਇਹ ਜਾਣਕਾਰੀ ਟ੍ਰੈਫ਼ਿਕ ਪੁਲਿਸ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਦੇ ਮਾਮਲੇ 'ਚ ਦਰਜ ਮਾਮਲੇ 'ਚ ਜ਼ਮਾਨਤ ਦੀ ਮੰਗ ਲਈ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਤਲਬ ਕੀਤੀ ਹੈ।
ਜਦੋਂ ਟ੍ਰੈਫ਼ਿਕ ਪੁਲਿਸ ਦੇ ਅਧਿਕਾਰ ਖੇਤਰ ਨੂੰ ਲੈ ਕੇ ਮੁੱਦਾ ਉਠਿਆ ਤਾਂ ਅਦਾਲਤ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਟੀਸ਼ਨ ਦਾ ਘੇਰਾ ਹੋਰ ਵਧਾ ਦਿੱਤਾ। ਹਾਈਕੋਰਟ ਨੇ ਕਿਹਾ ਕਿ ਪਹਿਲਾਂ ਟ੍ਰੈਫ਼ਿਕ ਪੁਲਿਸ ਦੇ ਅਧਿਕਾਰ ਖੇਤਰ ਅਤੇ ਜ਼ਿੰਮੇਵਾਰੀ ਨੂੰ ਜਾਣਨਾ ਜ਼ਰੂਰੀ ਹੈ। ਅਦਾਲਤ ਨੇ ਤਿੰਨਾਂ ਡੀਜੀਪੀਜ਼ ਤੋਂ ਪੁੱਛਿਆ ਹੈ ਕਿ ਕੀ ਹਾਈਵੇਅ 'ਤੇ ਵੱਡੀ ਗਿਣਤੀ 'ਚ ਵਾਹਨਾਂ ਦੇ ਆਉਣ ਦੀ ਸਥਿਤੀ 'ਚ ਟ੍ਰੈਫ਼ਿਕ ਪੁਲਿਸ ਉਨ੍ਹਾਂ ਨੂੰ ਦਸਤਾਵੇਜ਼ਾਂ ਦੀ ਜਾਂਚ ਲਈ ਰੋਕ ਸਕਦੀ ਹੈ?
ਹਾਈਕੋਰਟ ਦੇ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਡੀਜੀਪੀ ਦ੍ਵਾਰਾ ਦਾਖਲ ਕੀਤੇ ਜਾਣ ਵਾਲੇ ਹਲਫਨਾਮੇ ਵਿਚ ਵਿਸ਼ੇਸ਼ ਰੂਪ ਵਿਚ ਰਾਸ਼ਟਰੀ ਰਾਜਮਾਰਗ 'ਤੇ ਪੁਲਿਸ ਬੈਰੀਅਰ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਵੀ ਜ਼ਰੂਰੀ ਰੂਪ ਵਿਚ ਦਿਤੀ ਜਾਵੇ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕੀ ਉਨ੍ਹਾਂ ਕੋਲ ਸੜਕ 'ਤੇ ਚਲ ਰਹੇ ਕਿਸੇ ਵੀ ਵਾਹਨ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਦੀਆਂ ਸ਼ਕਤੀਆਂ ਹਨ।
ਜ਼ਿਕਰਯੋਗ ਹੈ ਕਿ ਜਸਟਿਸ ਸਾਂਗਵਾਨ ਨੇ ਇਹ ਹੁਕਮ ਕਈ ਅਜਿਹੇ ਮਾਮਲਿਆਂ ਦੀ ਸੁਣਵਾਈ ਦੌਰਾਨ ਦਿੱਤੋ ਹੈ ਜਿਨ੍ਹਾਂ ਵਿਚ ਟ੍ਰੈਫ਼ਿਕ ਡਿਊਟੀ ਦੌਰਾਨ ਪੁਲਿਸ ਅਧਿਕਾਰੀ ਨਾਲ ਕੁੱਟਮਾਰ ਜਾਂ ਦੁਰਵਿਵਹਾਰ ਕਰਨ ਦੇ ਮਾਮਲੇ ਆਏ ਅਤੇ ਆਰੋਪੀਆਂ ਦੀਆਂ ਜ਼ਮਾਨਤ ਅਰਜ਼ੀਆਂ ਲੱਗਿਆਂ ਹੋਈਆਂ ਹਨ।
ਹਾਈ ਕੋਰਟ ਨੇ ਪੁੱਛਿਆ ਕਿ ਕੀ ਇਸ ਤਰੀਕੇ ਨਾਲ ਵਾਹਨਾਂ ਨੂੰ ਕੰਟਰੋਲ ਕਰਨ ਜਾਂ ਚੈੱਕ ਕਰਨ ਲਈ ਪੁਲਿਸ ਅਧਿਕਾਰੀ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦੀ ਰਿਪੋਰਟ ਹੋਣ ਦੀ ਸੂਰਤ ਵਿੱਚ ਰੋਜ਼ਾਨਾ ਡਿਊਟੀ ਰਜਿਸਟਰ ਵਿੱਚ ਐਂਟਰੀ ਕੀਤੇ ਬਿਨਾਂ ਤੇਜ਼ ਰਫ਼ਤਾਰ ਵਾਹਨਾਂ ਨੂੰ ਰੋਕਣ ਲਈ ਹਾਈਵੇਅ 'ਤੇ ਨਾਕੇ ਲਗਾ ਸਕਦੇ ਹਨ ?
ਇਸ ਦੇ ਨਾਲ ਹੀ ਤਿੰਨੋਂ ਡੀਜੀਪੀਜ਼ ਨੂੰ ਹਾਈਵੇਅ 'ਤੇ ਬੈਰੀਕੇਡ ਲਗਾਉਣ ਅਤੇ ਰਾਤ ਵੇਲੇ ਇੱਕ-ਇੱਕ ਸਿਪਾਹੀ ਦੀ ਡਿਊਟੀ ਸਬੰਧੀ ਜਾਣਕਾਰੀ ਵੀ ਹਾਈਕੋਰਟ ਵਲੋਂ ਤਲਬ ਕੀਤੀ ਗਈ ਹੈ। ਇਸ ਤੋਂ ਇਲਾਵਾ ਹਲਫਨਾਮੇ ਵਿਚ ਇਸ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਮੰਗੀ ਹੈ ਕੀ ਦਸਤਾਵੇਜ਼ਾਂ ਦੀ ਜਾਂਚ ਲਈ ਜਾਂ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਸਮੇਂ ਟ੍ਰੈਫ਼ਿਕ ਪੁਲਿਸ ਦਾ ਸਿਪਾਹੀ ਕਿਸੇ ਵੀ ਵਾਹਨ ਨੂੰ ਰੋਕ ਸਕਦਾ ਹੈ?