
Aman Sood News: ਅੱਜ ਸਵੇਰੇ 11 ਵਜੇ ਕੋਰਟ 'ਚ ਪੇਸ਼ ਹੋਣ ਦੀ ਹਦਾਇਤ, ਧਾਰਮਿਕ ਸਦਭਾਵਨਾ ਭੰਗ ਕਰਨ ਦੇ ਲੱਗੇ ਇਲਜ਼ਾਮ
Aman Sood issued summons by SDM Court: ਹਿਮਾਚਲ ਪ੍ਰਦੇਸ਼ ਦੀ ਮਨੀਕਰਣ ਘਾਟੀ 'ਚ ਹੋਏ ਵਿਵਾਦ 'ਚ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਦੇ ਦੋਸ਼ 'ਚ ਹੋਟਲ ਮਾਲਕ ਅਮਨ ਸੂਦ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਦਾਇਰ ਸ਼ਿਕਾਇਤ ਤੋਂ ਬਾਅਦ, ਉਪ ਮੰਡਲ ਮੈਜਿਸਟਰੇਟ (ਐਸਡੀਐਮ) ਕੁੱਲੂ ਦੀ ਅਦਾਲਤ ਨੇ ਅਮਨ ਸੂਦ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਸ ਨੂੰ ਅੱਜ ਸਵੇਰੇ 11:00 ਵਜੇ ਐਸ.ਡੀ.ਐਮ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਸੰਮਨ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਉਹ ਸਮੇਂ 'ਤੇ ਅਦਾਲਤ 'ਚ ਪੇਸ਼ ਨਹੀਂ ਹੋਏ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲ ਹੀ 'ਚ ਅਮਨ ਸੂਦ ਉਸ ਸਮੇਂ ਸੁਰਖ਼ੀਆਂ 'ਚ ਆਏ ਜਦੋਂ ਕੁੱਲੂ 'ਚ ਸਿੱਖ ਸੈਲਾਨੀਆਂ ਵੱਲੋਂ ਲਗਾਏ ਗਏ ਝੰਡੇ ਉਤਾਰੇ ਜਾਣ ਦੀ ਘਟਨਾ ਸਾਹਮਣੇ ਆਈ।
ਇਸ ਘਟਨਾ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਿਵਾਦ ਛਿੜ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਸ ’ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕਰਦਿਆਂ ਹਿਮਾਚਲ ਪ੍ਰਦੇਸ਼ ਸਰਕਾਰ ਤੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਹਿਮਾਚਲ ਪ੍ਰਦੇਸ਼ ਸਰਕਾਰ ਨੇ ਅਮਨ ਸੂਦ ਖ਼ਿਲਾਫ਼ ਬੀਐਨਐਸਐਸ 2023 ਦੀ ਧਾਰਾ 126/169 ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਚੌਕੀ ਜਰੀ ਵੱਲੋਂ ਦਰਜ ਕਰਵਾਈ ਗਈ ਇਸ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸ ਦੀ ਇਸ ਕਾਰਵਾਈ ਨੇ ਮਣੀਕਰਨ ਘਾਟੀ ਦੀ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਭੰਗ ਕੀਤਾ ਹੈ।