
ਰਾਕੇਸ਼ ਟਿਕੈਤ ਸਮੇਤ ਪਹੁੰਚੇ ਕਈ ਆਗੂ
ਹਿਸਾਰ - ਕਿਸਾਨਾਂ ਵੱਲੋਂ ਸੋਮਵਾਰ ਨੂੰ ਹਰਿਆਣਾ ਦੇ ਹਿਸਾਰ ਵਿਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਉੱਥੇ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਜਲਦੀ ਖਤਮ ਹੋਣ ਵਾਲਾ ਨਹੀਂ ਹੈ, ਜੇ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਇਹ ਲਹਿਰ 2024 ਤੱਕ ਜਾਰੀ ਰਹੇਗੀ। ਇੱਥੇ ਕੋਈ ਸਮੱਸਿਆ ਨਹੀਂ ਹੈ, ਛਾਂ ਹੈ, ਸਾਰੇ ਕਿਸਾਨ ਇਥੇ ਅੰਦੋਲਨ ਜਾਰੀ ਰੱਖਣਗੇ। ਦੂਜੇ ਪਾਸੇ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਹਿਸਾਰ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਤਾਇਨਾਤ ਸੀ।
ਦੱਸ ਦਈਏ ਕਿ ਪਿਛਲੇ ਹਫ਼ਤੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਹਿੰਸਕ ਝੜਪ ਦੇ ਮਾਮਲੇ ਵਿਚ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ 300 ਤੋਂ ਵੱਧ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਪੁਲਿਸ ਨੇ ਕਿਸਾਨਾਂ ਦੇ ਸਮੂਹ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਉਹਨਾਂ 'ਤੇ ਬਲ ਦਾ ਪ੍ਰਯੋਗ ਕੀਤਾ ਗਿਆ। ਦਰਅਸਲ ਉਸ ਦਿਨ ਸੀਐੱਮ ਮਨੋਹਰ ਲਾਲ ਖਟੜ ਹਿਸਾਰ ਵਿਚ ਕੋਈ ਉਦਘਾਟਨ ਕਰਨ ਆਏ ਸਨ ਜਿਸ ਦਾ ਪਤਾ ਕਿਸਾਨਾਂ ਨੂੰ ਲੱਗਾ ਅਤੇ ਕਿਸਾਨਾਂ ਨੇ ਉਹਨਾਂ ਦਾ ਘਿਰਾਓ ਕੀਤਾ, ਜਿਸ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ ।