
Acid attack in Bengaluru: ਸਿਰ ਤੇ ਚਿਹਰਾ ਬੁਰੀ ਤਰ੍ਹਾਂ ਝੁਲਸਿਆ, ਮਾਮਲਾ ਦਰਜ
Acid attack in Bengaluru: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਇੱਕ ਵਿਅਕਤੀ ਨੇ ਮੋਬਾਈਲ ਫ਼ੋਨ ’ਤੇ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਆਪਣੀ ਪਤਨੀ ’ਤੇ ਟਾਇਲਟ ਸਾਫ਼ਾ ਕਰਨ ਵਾਲਾ ਤੇਜ਼ਾਬ ਸੁੱਟ ਦਿੱਤਾ। ਪੁਲਿਸ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 19 ਮਈ ਨੂੰ ਉੱਤਰੀ ਬੰਗਲੁਰੂ ਦੇ ਸਿੱਧਹੱਲੀ ਵਿੱਚ ਐਨਐਮਐਚ ਲੇਆਉਟ ਵਿਖੇ ਵਾਪਰੀ।
ਪੁਲਿਸ ਅਨੁਸਾਰ 44 ਸਾਲਾ ਔਰਤ ਦਾ ਸਿਰ ਅਤੇ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਹੈ ਅਤੇ ਉਹ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ, ਔਰਤ ਜੋ ਕਿ ਪੇਸ਼ੇ ਤੋਂ ਬਿਊਟੀਸ਼ੀਅਨ ਹੈ, ਨੇ ਦੋਸ਼ ਲਗਾਇਆ ਕਿ ਰਾਤ 9 ਵਜੇ ਦੇ ਕਰੀਬ, ਉਸਦੇ ਪਤੀ ਨੇ ਉਸ ਤੋਂ ਸ਼ਰਾਬ ਖ਼੍ਰੀਦਣ ਲਈ ਪੈਸੇ ਮੰਗੇ ਅਤੇ ਜਦੋਂ ਉਸਨੇ ਉਸਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਉਸਨੇ ਉਸਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਔਰਤ ਦੀ ਸ਼ਿਕਾਇਤ ਅਨੁਸਾਰ, ਉਸਨੇ ਕਿਸੇ ਤਰ੍ਹਾਂ ਪੈਸੇ ਇਕੱਠੇ ਕਰ ਲਏ।
ਪੁਲਿਸ ਨੇ ਦੱਸਿਆ ਕਿ ਬਾਅਦ ਵਿੱਚ ਉਹ ਸ਼ਰਾਬ ਪੀ ਕੇ ਘਰ ਆਇਆ ਅਤੇ ਆਪਣੇ ਮੋਬਾਈਲ ਫ਼ੋਨ ’ਤੇ ਉੱਚੀ ਆਵਾਜ਼ ਵਿੱਚ ਗਾਣੇ ਵਜਾਉਣ ਲੱਗ ਪਿਆ, ਅਤੇ ਜਦੋਂ ਔਰਤ ਨੇ ਉਸਨੂੰ ਆਵਾਜ਼ ਘੱਟ ਕਰਨ ਲਈ ਕਿਹਾ, ਤਾਂ ਉਸਨੇ ਇਨਕਾਰ ਕਰ ਦਿੱਤਾ। ਪੁਲਿਸ ਅਨੁਸਾਰ, ਜੋੜੇ ਵਿਚਕਾਰ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਸ਼ੀ ਵਿਅਕਤੀ ਟਾਇਲਟ ਸਫ਼ਾਈ ਕਰਨ ਵਾਲੇ ਐਸਿਡ ਦੀ ਇੱਕ ਬੋਤਲ ਲੈ ਕੇ ਆਇਆ ਅਤੇ ਕਥਿਤ ਤੌਰ ’ਤੇ ਇਸਨੂੰ ਔਰਤ ਦੇ ਸਿਰ ਅਤੇ ਚਿਹਰੇ ’ਤੇ ਸੁੱਟ ਦਿਤਾ।
ਪੁਲਿਸ ਨੇ ਦੱਸਿਆ ਕਿ ਜਦੋਂ ਔਰਤ ਨੇ ਮਦਦ ਲਈ ਰੌਲਾ ਪਾਇਆ ਤਾਂ ਉਹ ਭੱਜ ਗਿਆ, ਜਿਸ ਤੋਂ ਬਾਅਦ ਗੁਆਂਢੀਆਂ ਨੇ ਪੀੜਤਾ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਕਿਹਾ, ‘‘ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਾਮਲੇ ਦੀ ਜਾਂਚ ਜਾਰੀ ਹੈ।’’
(For more news apart from Bengaluru Latest News, stay tuned to Rozana Spokesman)