
ਦੇਸ਼ ਭਰ ’ਚ ਕਈ ਨਵੇਂ ਮਾਮਲੇ ਸਾਹਮਣੇ ਆਏ
ਨਵੀਂ ਦਿੱਲੀ : ਦੇਸ਼ ਭਰ ’ਚ ਕੋਵਿਡ-19 ਦੇ ਵਧਦੇ ਮਾਮਲਿਆਂ ਵਿਚਕਾਰ ਦੋ ਹੋਰ ਜਣਿਆਂ ਦੀ ਅੱਜ ਇਸ ਮਹਾਂਮਾਰੀ ਕਾਰਨ ਮੌਤ ਹੋ ਗਈ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਖ-ਵੱਖ ਸੂਬਿਆਂ ’ਚ ਸਾਹਮਣੇ ਆਏ ਕੋਵਿਡ ਦੇ ਜ਼ਿਆਦਾਤਰ ਮਾਮਲੇ ਹਲਕੇ ਸੁਭਾਅ ਦੇ ਹਨ ਅਤੇ ਮਰੀਜ਼ ਘਰਾਂ ’ਚ ਦੇਖਭਾਲ ਅਧੀਨ ਹਨ।
ਸਿਹਤ ਅਧਿਕਾਰੀਆਂ ਨੇ ਦਸਿਆ ਕਿ ਬੈਂਗਲੁਰੂ ’ਚ 84 ਸਾਲ ਦੇ ਵਿਅਕਤੀ ਦੀ ਕੋਵਿਡ ਨਾਲ ਮੌਤ ਹੋ ਗਈ। ਜਦਕਿ ਠਾਣੇ ਨਗਰ ਨਿਗਮ (ਟੀ.ਐਮ.ਸੀ.) ਨੇ ਕਿਹਾ ਕਿ ਸਨਿਚਰਵਾਰ ਨੂੰ ਸ਼ਹਿਰ ’ਚ ਕੋਵਿਡ-19 ਦੇ ਇਕ ਮਰੀਜ਼ ਦੀ ਮੌਤ ਹੋ ਗਈ। ਨਿਗਮ ਨੇ ਇਕ ਬਿਆਨ ’ਚ ਕਿਹਾ ਕਿ ਗੰਭੀਰ ਸ਼ੂਗਰ ਤੋਂ ਪੀੜਤ 21 ਸਾਲ ਦੇ ਵਿਅਕਤੀ ਦੀ ਸਵੇਰੇ ਕਲਵਾ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਹਸਪਤਾਲ ’ਚ ਮੌਤ ਹੋ ਗਈ। ਹਸਪਤਾਲ ਦੇ ਸੁਪਰਡੈਂਟ ਡਾਕਟਰ ਅਨਿਰੁਧ ਮਲਗਾਓਂਕਰ ਨੇ ਦਸਿਆ ਕਿ ਸ਼ੂਗਰ ਨਾਲ ਜੁੜੀਆਂ ਪੇਚੀਦਗੀਆਂ ਕਾਰਨ ਉਨ੍ਹਾਂ ਨੂੰ ਵੀਰਵਾਰ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਅਤੇ ਸ਼ੁਕਰਵਾਰ ਰਾਤ ਨੂੰ ਉਨ੍ਹਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ।
ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਵਿਚ ਕੋਵਿਡ-19 ਦੇ ਕੁਲ 18 ਸਰਗਰਮ ਮਰੀਜ਼ ਹਨ ਅਤੇ ਉਨ੍ਹਾਂ ਵਿਚੋਂ ਸਿਰਫ ਇਕ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਜਦਕਿ ਬਾਕੀ ਘਰ ਵਿਚ ਇਕਾਂਤਵਾਸ ਵਿਚ ਹਨ। ਇਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
19 ਮਈ ਤਕ ਦੇਸ਼ ’ਚ 257 ਸਰਗਰਮ ਕੇਸ ਸਨ। ਦਿੱਲੀ ’ਚ ਪਿਛਲੇ 24 ਘੰਟਿਆਂ ’ਚ 23, ਆਂਧਰਾ ਪ੍ਰਦੇਸ਼ ’ਚ 4, ਤੇਲੰਗਾਨਾ ’ਚ ਇਕ ਅਤੇ ਬੈਂਗਲੁਰੂ ’ਚ 9 ਮਹੀਨੇ ਦਾ ਇਕ ਬੱਚਾ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਇਕੱਲੇ ਮਈ ਵਿਚ ਕੇਰਲ ਵਿਚ 273 ਮਾਮਲੇ ਸਾਹਮਣੇ ਆਏ ਸਨ। ਕਈ ਸੂਬਿਆਂ ਦੇ ਅਧਿਕਾਰੀਆਂ ਨੇ ਸਨਿਚਰਵਾਰ, 24 ਮਈ ਨੂੰ ਹੋਰ ਮਾਮਲਿਆਂ ਦੀ ਰੀਪੋਰਟ ਕੀਤੀ।
ਅਧਿਕਾਰੀਆਂ ਨੇ ਦਸਿਆ ਕਿ ਕੇਂਦਰੀ ਸਿਹਤ ਸਕੱਤਰ ਨੇ ਸਨਿਚਰਵਾਰ ਨੂੰ ਸਿਹਤ ਖੋਜ ਵਿਭਾਗ (ਡੀ.ਐਚ.ਆਰ.) ਦੇ ਸਕੱਤਰ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰੀਸਰਚ (ਆਈ.ਸੀ.ਐਮ.ਆਰ.), ਡੀ.ਜੀ.ਐਚ.ਐਸ. ਅਤੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐਨ.ਸੀ.ਡੀ.ਸੀ.) ਆਦਿ ਦੇ ਡਾਇਰੈਕਟਰ ਜਨਰਲ ਨਾਲ ਕੋਵਿਡ-19 ਦੇ ਮਾਮਲਿਆਂ ਨਾਲ ਸਬੰਧਤ ਮਾਮਲੇ ਦੀ ਸਮੀਖਿਆ ਕੀਤੀ।
ਕੋਵਿਡ-19 ਦੇ ਕੁੱਝ ਮਾਮਲੇ ਮੁੱਖ ਤੌਰ ’ਤੇ ਕੇਰਲ, ਤਾਮਿਲਨਾਡੂ, ਮਹਾਰਾਸ਼ਟਰ, ਕਰਨਾਟਕ ਆਦਿ ਸੂਬਿਆਂ ਤੋਂ ਸਾਹਮਣੇ ਆਏ ਹਨ। ਸੂਤਰਾਂ ਨੇ ਦਸਿਆ ਕਿ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈ.ਡੀ.ਐਸ.ਪੀ.) ਅਤੇ ਆਈ.ਸੀ.ਐਮ.ਆਰ. ਦੇ ਪੈਨ ਇੰਡੀਆ ਰੈਸਪੀਰੇਟਰੀ ਵਾਇਰਸ ਸੈਂਟੀਨਲ ਨਿਗਰਾਨੀ ਨੈੱਟਵਰਕ ਰਾਹੀਂ ਕੋਵਿਡ-19 ਸਮੇਤ ਸਾਹ ਦੀਆਂ ਬਿਮਾਰੀਆਂ ਦੀ ਨਿਗਰਾਨੀ ਲਈ ਇਕ ਮਜ਼ਬੂਤ ਕੁਲ ਭਾਰਤੀ ਪ੍ਰਣਾਲੀ ਹੈ।
ਇਕ ਅਧਿਕਾਰਤ ਸੂਤਰ ਨੇ ਕਿਹਾ ਕਿ ਇਹ ਵੇਖਿਆ ਗਿਆ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਹਲਕੇ ਹਨ ਅਤੇ ਘਰੇਲੂ ਦੇਖਭਾਲ ਅਧੀਨ ਹਨ।