
ਕੇਂਦਰੀ ਘੱਟ ਗਿਣਤੀ ਕਾਰਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ
ਨਵੀਂ ਦਿੱਲੀ, 23 ਜੂਨ : ਕੇਂਦਰੀ ਘੱਟ ਗਿਣਤੀ ਕਾਰਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਸਾਊਦੀ ਅਰਬ ਸਰਕਾਰ ਦੀ ਬੇਨਤੀ ’ਤੇ ਇਸ ਸਾਲ ਭਾਰਤ ਤੋਂ ਕਿਸੇ ਨੂੰ ਵੀ ਹਜ ਲਈ ਨਾ ਭੇਜਣ ਦਾ ਫ਼ੈਲਸਾ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਜ 2020 ਲਈ ਰਜਿਸਟ੍ਰੇਸ਼ਨ ਕਰਾਉਣ ਵਾਲੇ ਦੋ ਲੱਖ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਪੂਰੇ ਪੈਸ ਵਾਪਸ ਭੇਜੇ ਜਾਣਗੇ। ਨਾਲ ਹੀ ਕਿਹਾ ਕਿ ‘ਮੇਹਰਮ’ (ਪੁਰਸ਼ ਰਿਸ਼ਤੇਦਾਰ) ਦੇ ਬਿਨਾ ਹਜ ’ਤੇ ਜਾਣ ਲਈ ਰਜਿਸਟ੍ਰੇਸ਼ਨ ਕਰਾਉਣ ਵਾਲੀਆਂ ਲਗਭਗ 2300 ਮਹਿਲਾਵਾਂ ਨੂੰ ਅਗਲੇ ਸਾਲ ਨਵੇਂ ਸਿਰੇ ਤੋਂ ਰਜਿਸਟ੍ਰੇਸ਼ਨ ਨਹੀਂ ਕਰਨੇ ਪੈਣਗੇ ਅਤੇ ਉਹ ਹਜ ਲਈ ਜਾ ਸਕਨਗੀਆਂ।
File Photo
ਨਕਵੀ ਨੇ ਇਥੇ ਪੱਤਰਕਾਰਾਂ ਤੋਂ ਕਿਹਾ, ‘‘ਕੱਲ ਰਾਤ ਸਾਊਦੀ ਅਰਬ ਸਰਕਾਰ ਦੇ ਹਜ ਮੰਤਰੀ ਦਾ ਫ਼ੋਨ ਆਇਆ ਸੀ। ਉਨ੍ਹਾਂ ਨੇ ਪੂਰੀ ਦੁਨੀਆ ’ਚ ਕੋਰੋਨਾ ਮਹਾਂਮਾਰੀ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਹਜ 2020 ਲਈ ਇਸ ਵਾਰ ਭਾਰਤ ਤੋਂ ਹਜ ਯਾਤਰੀਆਂ ਨੂੰ ਨਾ ਭੇਜਿਆ ਜਾਵੇ।’’ ਮੰਤਰੀ ਮੁਤਾਬਕ ਇਹ ਆਜ਼ਾਦ ਭਾਰਤ ਵਿਚ ਪਹਿਲੀ ਵਾਰ ਹੋਵੇਗਾ ਕਿ ਭਾਰਤ ਦੇ ਲੋਕ ਹਜ ’ਤੇ ਨਹੀਂ ਜਾਣਗੇ।
ਨਕਵੀ ਨੇ ਕਿਹਾ ਕਿ 2019 ’ਚ 2 ਲੱਖ ਭਾਰਤੀ ਮੁਸਲਮਾਨ ਹਜ ਗਏ ਸਨ, ਜਿਨ੍ਹਾਂ ਵਿਚੋਂ 50 ਫ਼ੀ ਸਦੀ ਔਰਤਾਂ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਇਲਾਵਾ ਨਰਿੰਦਰ ਮੋਦੀ ਸਰਕਾਰ ਦੌਰਾਨ 2018 ’ਚ ਸ਼ੁਰੂ ਕੀਤੀ ਗਈ ਬਿਨਾ ਮੇਹਰਮ ਔਰਤਾਂ ਨੂੰ ਹਜ ’ਤੇ ਜਾਣ ਦੀ ਪ੍ਰਕਿਰਿਆ ਦੇ ਤਹਿਤ ਹੁਣ ਤਕ ਬਿਨਾ ਮੇਹਰਮ ਦੇ ਹਜ ’ਤੇ ਜਾਣ ਵਾਲੀਆਂ ਔਰਤਾਂ ਦੀ ਗਿਣਤੀ 3040 ਹੋ ਚੁੱਕੀ ਹੈ। (ਪੀਟੀਆਈ)