
18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ
18 Lok Sabha MP Profile : 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਜਿਸ ਦੌਰਾਨ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ ਹੈ। ਹਾਲਾਂਕਿ ਪੰਜਾਬ ਦੇ ਸਾਂਸਦ ਭਲਕੇ ਸਹੁੰ ਚੁੱਕਣਗੇ। ਲੋਕ ਸਭਾ ਦਾ ਪਹਿਲਾ ਸੈਸ਼ਨ 3 ਜੁਲਾਈ ਤੱਕ ਚੱਲੇਗਾ। ਜੇਕਰ ਅਸੀਂ ਸੰਸਦ ਮੈਂਬਰਾਂ ਦੇ ਪੇਸ਼ੇ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਸੰਸਦ ਮੈਂਬਰਾਂ ਦਾ ਪੇਸ਼ਾ ਖੇਤੀਬਾੜੀ, ਸਮਾਜ ਸੇਵਾ ਅਤੇ ਬਿਜਨੈੱਸ ਹੈ।
18ਵੀਂ ਲੋਕ ਸਭਾ ਵਿੱਚ ਦਿਲ ਦੇ ਮਾਹਿਰਾਂ ਅਤੇ ਪ੍ਰੋਫੈਸਰਾਂ ਤੋਂ ਲੈ ਕੇ ਅਦਾਕਾਰਾਂ ਅਤੇ ਕ੍ਰਿਕਟਰਾਂ ਤੱਕ ਦੇ ਸੰਸਦ ਮੈਂਬਰ ਸ਼ਾਮਲ ਹਨ। ਹਾਲਾਂਕਿ ਇਸ ਵਾਰ ਸਮਾਜ ਸੇਵਕ, ਖੇਤੀ ਅਤੇ ਬਿਜਨੈੱਸ ਨੂੰ ਆਪਣਾ ਪੇਸ਼ਾ ਦੱਸਣ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ ਘੱਟ ਗਈ ਹੈ। ਜਦੋਂ ਕਿ 17ਵੀਂ ਲੋਕ ਸਭਾ ਵਿੱਚ ਇਨ੍ਹਾਂ ਦੀ ਗਿਣਤੀ ਸਭ ਤੋਂ ਵੱਧ ਸੀ।
17ਵੀਂ ਅਤੇ 18ਵੀਂ ਲੋਕ ਸਭਾ ਦੇ ਸੰਸਦ ਮੈਂਬਰਾਂ ਦੀ ਪੇਸ਼ੇਵਰ ਜਾਣਕਾਰੀ ਲੋਕ ਸਭਾ ਦੀ ਵੈੱਬਸਾਈਟ 'ਤੇ ਉਪਲਬਧ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਖੇਤੀਬਾੜੀ, ਸਮਾਜ ਸੇਵੀ ਅਤੇ ਬਿਜਨੈੱਸ ਨੂੰ ਆਪਣਾ ਕਿੱਤਾ ਕਹਿਣ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ ਸਭ ਤੋਂ ਵੱਧ ਹੈ।
179 ਸੰਸਦ ਮੈਂਬਰ ਖੇਤੀਬਾੜੀ ਨਾਲ ਜੁੜੇ ਹੋਏ ਹਨ
ਜੇਕਰ ਖੇਤੀਬਾੜੀ ਨੂੰ ਆਪਣਾ ਕਿੱਤਾ ਕਹਿਣ ਵਾਲੇ ਸੰਸਦ ਮੈਂਬਰਾਂ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਦੇਸ਼ ਦੇ 543 ਚੁਣੇ ਗਏ ਸੰਸਦ ਮੈਂਬਰਾਂ 'ਚੋਂ 179 ਸੰਸਦ ਮੈਂਬਰ ਖੇਤੀਬਾੜੀ ਨਾਲ ਜੁੜੇ ਹੋਏ ਹਨ। ਜਦੋਂ ਕਿ ਭਾਰਤ ਦੀ ਜ਼ਿਆਦਾਤਰ ਆਬਾਦੀ ਖੇਤੀ 'ਤੇ ਨਿਰਭਰ ਹੈ।
ਹਾਲਾਂਕਿ ਪਿਛਲੀ ਲੋਕ ਸਭਾ ਦੇ ਮੁਕਾਬਲੇ ਇਸ ਵਾਰ 8 ਫੀਸਦੀ ਦੀ ਕਮੀ ਆਈ ਹੈ। ਪਿਛਲੀ ਵਾਰ 230 ਸੰਸਦ ਮੈਂਬਰ ਖੇਤੀਬਾੜੀ ਨਾਲ ਪੇਸ਼ੇ ਵਜੋਂ ਜੁੜੇ ਹੋਏ ਸਨ। ਬੀਜੇਪੀ ਦੇ ਸਭ ਤੋਂ ਵੱਧ ਸਾਂਸਦ ਖੇਤੀਬਾੜੀ ਨਾਲ ਸਬੰਧਤ ਹਨ। ਭਾਜਪਾ ਦੇ 240 ਵਿੱਚੋਂ 79 ਸੰਸਦ ਮੈਂਬਰ ਖੇਤੀਬਾੜੀ ਨਾਲ ਜੁੜੇ ਹੋਏ ਹਨ। ਇਸ ਤੋਂ ਬਾਅਦ ਕਾਂਗਰਸ ਦੇ 99 ਵਿੱਚੋਂ 29, ਸਮਾਜਵਾਦੀ ਪਾਰਟੀ ਦੇ 37 ਵਿੱਚੋਂ 23, ਤ੍ਰਿਣਮੂਲ ਕਾਂਗਰਸ ਦੇ 29 ਵਿੱਚੋਂ 2 ਅਤੇ ਡੀਐਮਕੇ ਦੇ 22 ਵਿੱਚੋਂ 9 ਮੈਂਬਰ ਖੇਤੀਬਾੜੀ ਨਾਲ ਜੁੜੇ ਹੋਏ ਹਨ।
18ਵੀਂ ਲੋਕ ਸਭਾ ਵਿੱਚ ਸਦਨ ਵਿੱਚ 115 ਸੰਸਦ ਮੈਂਬਰ ਜਾਂ 21.22% ਸੰਸਦ ਮੈਂਬਰ ਹਨ, ਜਿਨ੍ਹਾਂ ਦਾ ਪੇਸ਼ਾ ਸਮਾਜ ਸੇਵਾ ਹੈ। ਸਮਾਜ ਸੇਵਕਾਂ ਦੀ ਗਿਣਤੀ ਵਿੱਚ ਪਿਛਲੀ ਲੋਕ ਸਭਾ ਦੇ ਮੁਕਾਬਲੇ 13.13 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ, ਜਿਸ ਵਿੱਚ 192 ਸੰਸਦ ਮੈਂਬਰ ਜਾਂ 34.35% ਸਮਾਜ ਸੇਵਕਾਂ ਵਜੋਂ ਲੱਗੇ ਹੋਏ ਸਨ।
18ਵੀਂ ਲੋਕ ਸਭਾ ਵਿੱਚ 39 ਵਕੀਲ ਬਣੇ ਸਾਂਸਦ
ਨਵੇਂ ਸਦਨ ਵਿੱਚ ਬਿਜਨੈੱਸ ਨੂੰ ਆਪਣਾ ਪੇਸ਼ਾ ਐਲਾਨਣ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ 100 ਹੈ। ਹਾਲਾਂਕਿ ਇਹ ਅੰਕੜਾ ਵੀ ਪਿਛਲੀ ਵਾਰ ਦੇ ਮੁਕਾਬਲੇ ਘੱਟ ਹੈ। ਪਿਛਲੀ ਵਾਰ 144 ਸੰਸਦ ਮੈਂਬਰ ਬਿਜਨੈੱਸ ਨਾਲ ਜੁੜੇ ਸਨ। ਇਸ ਵਾਰ 18ਵੀਂ ਲੋਕ ਸਭਾ ਵਿੱਚ ਵੱਡੀ ਗਿਣਤੀ ਵਿੱਚ ਵਕੀਲਾਂ ਨੇ ਵੀ ਸ਼ਮੂਲੀਅਤ ਕੀਤੀ ਹੈ। ਇਨ੍ਹਾਂ ਦੀ ਗਿਣਤੀ 39 ਹੈ। 28 ਸੰਸਦ ਮੈਂਬਰ ਅਜਿਹੇ ਹਨ, ਜੋ ਡਾਕਟਰੀ ਨਾਲ ਜੁੜੇ ਹੋਏ ਹਨ। ਨਵੀਂ ਲੋਕ ਸਭਾ ਵਿੱਚ 70 ਸੰਸਦ ਮੈਂਬਰ ਅਜਿਹੇ ਹਨ ,ਜਿਨ੍ਹਾਂ ਨੇ ਰਾਜਨੀਤੀ ਨੂੰ ਆਪਣਾ ਪੇਸ਼ਾ ਦੱਸਿਆ ਹੈ। ਫਿਲਮ, ਟੀਵੀ ਅਤੇ ਸੰਗੀਤ ਉਦਯੋਗਾਂ ਨਾਲ ਜੁੜੇ ਸੰਸਦ ਮੈਂਬਰਾਂ ਦੀ ਗਿਣਤੀ ਵੀ ਇਸ ਵਾਰ ਘਟੀ ਹੈ। ਪਿਛਲੀ ਵਾਰ ਇਨ੍ਹਾਂ ਦੀ ਗਿਣਤੀ 22 ਸੀ, ਇਸ ਵਾਰ ਇਹ ਘਟ ਕੇ 12 ਰਹਿ ਗਈ ਹੈ।