
ਵਰਸਿਲ ਗੁਜਰਾਤ ਦੇ ਅਹਿਮਦਾਬਾਦ ਨਾਲ ਸਬੰਧਤ ਸੀ
ਟੋਰਾਂਟੋ - ਬੀਤੀ ਰਾਤ ਕੈਨੇਡਾ ਦੇ ਸੂਬੇ ਓਂਟਾਰੀਓ ਦੇ ਬੈਰੀ ਸ਼ਹਿਰ ਵਿਚ ਇੱਕ ਕਾਰ ਹਾਦਸੇ ਵਿਚ ਭਾਰਤੀ ਮੂਲ ਦੇ ਇਕ 19 ਸਾਲਾ ਨੁਜੁਆਨ ਵਰਸਿਲ ਪਟੇਲ ਦੀ ਮੌਤ ਹੋ ਗਈ। ਵਰਸਿਲ ਪਟੇਲ ਭਾਰਤ ਤੋਂ ਉਚੇਰੀ ਸਿੱਖਿਆ ਲਈ ਕੈਨੇਡਾ ਗਿਆ ਸੀ, ਜਿੱਥੇ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਵਰਸਿਲ ਗੁਜਰਾਤ ਦੇ ਅਹਿਮਦਾਬਾਦ ਨਾਲ ਸਬੰਧਤ ਸੀ।
ਦੋਸਤਾਂ ਨੇ ਗੌਫੰਡਮੀ ਵੈੱਬਸਾਈਟ ਦੁਆਰਾ ਉਸ ਦੀ ਲਾਸ਼ ਭੇਜਣ ਲਈ ਫੰਡਿੰਗ ਸ਼ੁਰੂ ਕਰ ਦਿਤੀ ਹੈ ਕਿਉਂਕਿ ਵਰਸਿਲ ਪਟੇਲ ਦੀ ਲਾਸ਼ ਨੂੰ ਭਾਰਤ ਲਿਆਉਣ ਲਈ 30,000 ਹਜ਼ਾਰ ਡਾਲਰ ਦੇ ਕਰੀਬ ਦਾ ਖ਼ਰਚਾ ਆਵੇਗਾ। ਹੁਣ ਤੱਕ ਲਗਭਗ 21 ਹਜ਼ਾਰ ਡਾਲਰ ਇਕੱਠੇ ਹੋ ਚੁਕੇ ਹਨ।
ਉਸ ਦੇ ਦੋਸਤ ਰਾਜਨ ਪਟੇਲ ਨੇ ਵਰਸਿਲ ਪਟੇਲ ਦੀ ਲਾਸ਼ ਗੁਜਰਾਤ ਵਿਚ ਭੇਜਣ ਲਈ ਸੋਸ਼ਲ ਮੀਡੀਆ 'ਤੇ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਵਰਸਿਲ ਪਟੇਲ ਦਾ ਪ੍ਰਵਾਰ ਅਪਣੇ ਪੁੱਤਰ ਦਾ ਚਿਹਰਾ ਦੇਖ ਸਕੇ ਅਤੇ ਉਸ ਦਾ ਅੰਤਿਮ ਸਸਕਾਰ ਉਸ ਦੀ ਜਨਮ ਭੂਮੀ ਵਿਖੇ ਕੀਤਾ ਜਾ ਸਕੇ। ਇਸ ਸੰਬੰਧ ਵਿਚ ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।