ਉਪਗ੍ਰਹਿ ਸਵੇਰੇ 6.30 ਵਜੇ ਸ਼੍ਰੀਹਰਿਕੋਟਾ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਲਾਂਚ ਕੀਤੇ ਜਾਣਗੇ
ਬੈਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਪਣੇ ਸ੍ਰੀਹਰੀਕੋਟਾ ਪੁਲਾੜ ਕੇਂਦਰ ਤੋਂ 30 ਜੁਲਾਈ ਨੂੰ ਪੀ.ਐਸ.ਐਲ.ਵੀ.-ਸੀ56 ਰਾਹੀਂ ਸਿੰਗਾਪੁਰ ਦੇ ਡੀ.ਐਸ.-ਐਸ.ਏ.ਆਰ. ਉਪਗ੍ਰਹਿ ਸਮੇਤ ਛੇ ਹੋਰ ਉਪਗ੍ਰਹਿ ਲਾਂਚ ਕਰੇਗਾ। ਪੁਲਾੜ ਏਜੰਸੀ ਨੇ ਕਿਹਾ ਕਿ ਉਪਗ੍ਰਹਿ ਸਵੇਰੇ 6.30 ਵਜੇ ਸ਼੍ਰੀਹਰਿਕੋਟਾ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਲਾਂਚ ਕੀਤੇ ਜਾਣਗੇ।
ਡੀ.ਐਸ.-ਐਸ.ਏ.ਆਰ. ਸੈਟੇਲਾਈਟ ਨੂੰ ਸਿੰਗਾਪੁਰ ਦੀ ਰਖਿਆ ਵਿਗਿਆਨ ਅਤੇ ਤਕਨਾਲੋਜੀ ਏਜੰਸੀ (ਡੀ.ਐਸ.ਟੀ.ਏ.) ਅਤੇ ਸਿੰਗਾਪੁਰ ਦੀ ਐਸ.ਟੀ. ਇੰਜੀਨੀਅਰਿੰਗ ਵਿਚਕਾਰ ਸਾਂਝੇਦਾਰੀ ਦੇ ਤਹਿਤ ਵਿਕਸਿਤ ਕੀਤਾ ਗਿਆ ਹੈ।
ਸੈਟੇਲਾਈਟ ਦੀ ਵਰਤੋਂ ਸਿੰਗਾਪੁਰ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਦੀ ਉਪਗ੍ਰਹਿ ਤੋਂ ਪ੍ਰਾਪਤ ਹੋਣ ਵਾਲੀਆਂ ਤਸਵੀਰਾਂ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਜਾਵੇਗੀ। ਐਸ.ਟੀ. ਇੰਜੀਨੀਅਰਿੰਗ ਇਸ ਦੀ ਵਰਤੋਂ ਅਪਣੇ ਵਪਾਰਕ ਗਾਹਕਾਂ ਨੂੰ ਮਲਟੀ-ਮਾਡਲ ਅਤੇ ਉੱਚ ਮਿਆਰੀ ਤਸਵੀਰਾਂ ਅਤੇ ਭੂ-ਸਥਾਨਕ ਸੇਵਾਵਾਂ ਪ੍ਰਦਾਨ ਕਰਨ ਲਈ ਕਰੇਗੀ।
ਡੀ.ਐਸ.-ਐਸ.ਏ.ਆਰ. ’ਚ ‘ਇਜ਼ਰਾਈਲ ਏਰੋਸਪੇਸ ਇੰਡਸਟਰੀਜ਼’ (ਆਈ.ਏ.ਆਈ.) ਵਲੋਂ ਵਿਕਸਤ ‘ਸਿੰਥੈਟਿਕ ਅਪਰਚਰ ਰਾਡਾਰ’ ਪੇਲੋਡ ਹੈ। ਇਹ ਡੀ.ਐਸ.-ਐਸ.ਏ.ਆਰ. ਸਾਰੀਆਂ ਮੌਸਮੀ ਸਥਿਤੀਆਂ ਦੌਰਾਨ ਦਿਨ ਅਤੇ ਰਾਤ ਦੌਰਾਨ ਤੇ ਪੂਰੀ ਪੋਲੀਮੀਟਰੀ ’ਤੇ ਇਕ ਮੀਟਰ-ਰੈਜ਼ੋਲਿਊਸ਼ਨ ਚਿੱਤਰ ਲੈਣ ਦੇ ਯੋਗ ਬਣਾਉਂਦਾ ਹੈ।
ਇਸਰੋ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਪੁਲਾੜ ਵਿਭਾਗ ਤਹਿਤ ਕੇਂਦਰ ਸਰਕਾਰ ਦੇ ਅਦਾਰੇ ‘ਨਿਊਸਪੇਸ ਇੰਡੀਆ ਲਿਮਟਡ’ (ਐਨਸਿਲ) ਨੇ ਸਿੰਗਾਪੁਰ ਦੇ ਡੀ.ਐਸ.ਟੀ.ਏ. ਅਤੇ ਐਸ.ਟੀ. ਇੰਜਨੀਅਰਿੰਗ ਦੇ 360 ਕਿਲੋਗ੍ਰਾਮ ਭਾਰੇ ਡੀ.ਐਸ.-ਐਸ.ਏ.ਆਰ. ਉਪਗ੍ਰਹਿ ਨੂੰ ਪੁਲਾੜ ’ਚ ਸਥਾਪਤ ਕਰਨ ਲਈ ਪੀ.ਐਸ.ਐਲ.ਵੀ.-ਸੀ56 ਖ਼ਰੀਦਿਆ।
ਇਸਰੋ ਨੇ ਕਿਹਾ ਕਿ ਛੇ ਹੋਰ ਉਪਗ੍ਰਹਿ ’ਚ ਵੇਲੋਕਸ-ਏ.ਐਮ. ਸ਼ਾਮਲ ਹੈ ਜੋ 23 ਕਿੱਲੋ ਭਾਰੀ ਤਕਨਾਲੋਜੀ ਪ੍ਰਦਰਸ਼ਨ ਸੂਖਮ ਉਪਗ੍ਰਹਿ ਹੈ। ਇਸ ਤੋਂ ਇਲਾਵਾ ਪ੍ਰਾਯੋਗਿਕ ਉਪਗ੍ਰਹਿ ‘ਐਟਮਾਸਫੇਰਿਕ ਕਪਲਿੰਗ ਐਂਡ ਡਾਇਨੈਮਿਕਸ ਐਕਸਪਲੋਰਰ (ਆਰਕੇਡ) ਅਤੇ 3ਯੂ ਨੈਨੋ ਉਪਗ੍ਰਹਿ ਸਕੂਬ-2 ਨੂੰ ਵੀ ਪੁਲਾੜ ’ਚ ਲਿਜਾਇਆ ਜਾਵੇਗਾ।
ਇਸਰੋ ਨੇ ਦਸਿਆ ਕਿ ਸ਼ਹਿਰੀ ਅਤੇ ਦੂਰ-ਦੁਰਾਡੇ ਇਲਾਕਿਆਂ ’ਚ ਉਪਕਰਨਾਂ ਅਤੇ ਕਲਾਊਡ ਵਿਚਕਾਰ ਬੇਰੋਕ ਸੰਪਰਕ ਸੇਵਾ ਮੁਹਈਆ ਕਰਵਾਉਣ ਵਾਲੇ ਉੱਨਤ 3ਯੂ ਨਿਲਾਯਨ (ਨਿਊਸਪੇਸ ਵਲੋਂ ਵਿਕਸਤ), ਪ੍ਰਿਥਵੀ ਦੇ ਹੇਠਲੇ ਆਰਬਿਟ ’ਚ ਪਰਿਕਰਮਾ ਕਰਨ ਵਾਲੇ 3ਯੂ ਨੈਨੋ ਉਪਗ੍ਰਹਿ ਗੈਲਾਸਿਆ-2 ਅਤੇ ਕੌਮਾਂਤਰੀ ਸਹਿਯੋਗ ਨਾਲ ਵਿਕਸਤ ਓ.ਆਰ.ਬੀ.-12 ਸਟਰਾਇਡਰ ਨੂੰ ਵੀ ਪੀ.ਐਸ.ਐਲ.ਵੀ.-ਸੀ56 ਨਾਲ ਲਾਂਚ ਕੀਤਾ ਜਾਵੇਗਾ।