ਜੋਧਪੁਰ ਦੀ ਸੀ.ਬੀ.ਆਈ ਕੋਰਟ ਨੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਰੱਦ ਕਰ ਦਿੱਤਾ
Gangster Anand Pal Encounter Case : ਰਾਜਸਥਾਨ ਦੇ ਚਰਚਿਤ ਗੈਂਗਸਟਰ ਆਨੰਦਪਾਲ ਸਿੰਘ ਦੇ ਐਨਕਾਊਂਟਰ ਮਾਮਲੇ 'ਚ ਹੁਣ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਜੋਧਪੁਰ ਦੀ ਸੀ.ਬੀ.ਆਈ ਕੋਰਟ ਨੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ।
ਏਸੀਜੇਐਮ ਸੀਬੀਆਈ ਕੋਰਟ ਨੇ ਇਸ ਐਨਕਾਊਂਟਰ ਵਿੱਚ ਸ਼ਾਮਲ 5 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਅਦਾਲਤ ਨੇ ਐਨਕਾਊਂਟਰ ਵਿੱਚ ਸ਼ਾਮਲ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਧਾਰਾ 302 ਤਹਿਤ ਜਾਂਚ ਅਤੇ ਮੁਕੱਦਮਾ ਚਲਾਉਣ ਦੇ ਹੁਕਮ ਦਿੱਤੇ ਹਨ।
ਦੱਸ ਦੇਈਏ ਕਿ ਆਨੰਦਪਾਲ ਦਾ ਐਨਕਾਊਂਟਰ 24 ਜੂਨ 2017 ਨੂੰ ਹੋਇਆ ਸੀ। ਪਰਿਵਾਰ ਵੱਲੋਂ ਇਸ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੰਦਿਆਂ ਕੇਸ ਦਰਜ ਕੀਤਾ ਗਿਆ ਸੀ। ਗੈਂਗਸਟਰ ਦੇ ਐਨਕਾਊਂਟਰ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਫਰਜ਼ੀ ਮੁਕਾਬਲਾ ਕਰਾਰ ਦਿੰਦੇ ਹੋਏ ਅਦਾਲਤ 'ਚ ਚੁਣੌਤੀ ਦਿੱਤੀ ਸੀ।
ਇਸ ਦੇ ਨਾਲ ਹੀ ਸੀਬੀਆਈ ਨੇ ਇਸ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਅਦਾਲਤ ਨੂੰ ਦਿੱਤੀ ਸੀ, ਇਸ ਰਿਪੋਰਟ ਵਿੱਚ ਫਰਜ਼ੀ ਐਨਕਾਊਂਟਰ ਦੇ ਮਾਮਲੇ ਤੋਂ ਇਨਕਾਰ ਕੀਤਾ ਗਿਆ ਸੀ ਪਰ ਆਨੰਦਪਾਲ ਦੀ ਪਤਨੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਆਨੰਦ ਪਾਲ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ।
ਉਨ੍ਹਾਂ ਕਿਹਾ ਕਿ ਹੋਰ ਸਬੂਤ ਵੀ ਸਾਬਤ ਕਰਦੇ ਹਨ ਕਿ ਇਹ ਫਰਜ਼ੀ ਐਨਕਾਊਂਟਰ ਸੀ। ਜਿਸ ਤੋਂ ਬਾਅਦ ਅਦਾਲਤ ਨੇ ਐਨਕਾਊਂਟਰ ਵਿੱਚ ਸ਼ਾਮਲ ਚੁਰੂ ਦੇ ਤਤਕਾਲੀ ਐਸਪੀ ਰਾਹੁਲ ਬਰਹਤ, ਤਤਕਾਲੀ ਐਡੀਸ਼ਨਲ ਐਸਪੀ ਵਿਦਿਆ ਪ੍ਰਕਾਸ਼ ਚੌਧਰੀ, ਡੀਐਸਪੀ ਸੂਰਿਆਵੀਰ ਸਿੰਘ ਰਾਠੌੜ, ਆਰਏਸੀ ਹੈੱਡ ਕਾਂਸਟੇਬਲ ਕੈਲਾਸ਼ ਖ਼ਿਲਾਫ਼ ਮੁਕੱਦਮਾ ਚਲਾਉਣ ਦੇ ਹੁਕਮ ਦਿੱਤੇ ਹਨ।