ਲਾਂਸ ਨਾਇਕ ਸੁਭਾਸ਼ ਚੰਦਰ ਮੰਗਲਵਾਰ ਸਵੇਰੇ ਕ੍ਰਿਸ਼ਨਾ ਘਾਟੀ ਸੈਕਟਰ ਦੇ ਬੱਟਲ ਇਲਾਕੇ ’ਚ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ
Martyr Lance Naik Subhash Chandra : ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਅੱਤਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਫੌਜ ਦੇ ਇਕ ਜਵਾਨ ਨੂੰ ਸ਼ਰਧਾਂਜਲੀ ਦੇਣ ਲਈ ਬੁਧਵਾਰ ਨੂੰ ਸੀਨੀਅਰ ਫੌਜੀ, ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਸ਼ਰਧਾਂਜਲੀ ਸਮਾਰੋਹ ’ਚ ਹਿੱਸਾ ਲਿਆ।
ਲਾਂਸ ਨਾਇਕ ਸੁਭਾਸ਼ ਚੰਦਰ ਮੰਗਲਵਾਰ ਸਵੇਰੇ ਕ੍ਰਿਸ਼ਨਾ ਘਾਟੀ ਸੈਕਟਰ ਦੇ ਬੱਟਲ ਇਲਾਕੇ ’ਚ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ, ਜਦੋਂ ਫੌਜ ਨੇ ਸਰਹੱਦ ਪਾਰ ਤੋਂ ਅੱਤਵਾਦੀਆਂ ਦੇ ਇਕ ਸਮੂਹ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ ਸੀ।
ਅਧਿਕਾਰੀਆਂ ਨੇ ਦਸਿਆ ਕਿ ਸ਼ਹੀਦ ਨੂੰ ਬੁਧਵਾਰ ਦੁਪਹਿਰ ਨੂੰ ਭਾਰਤੀ ਹਵਾਈ ਫੌਜ ਦੇ ਸਟੇਸ਼ਨ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ, ਜਿਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਉੱਤਰ ਪ੍ਰਦੇਸ਼ ’ਚ ਉਨ੍ਹਾਂ ਦੇ ਜੱਦੀ ਸ਼ਹਿਰ ਭੇਜ ਦਿਤਾ ਗਿਆ।
ਜੰਮੂ ਸਥਿਤ ਵ੍ਹਾਈਟ ਨਾਈਟ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਨਵੀਨ ਸਚਦੇਵਾ ਨੇ ਸ਼ਰਧਾਂਜਲੀ ਸਮਾਰੋਹ ਦੀ ਅਗਵਾਈ ਕੀਤੀ, ਜਿਸ ਵਿਚ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਵੀ ਸ਼ਾਮਲ ਹੋਏ।
ਅਧਿਕਾਰੀਆਂ ਨੇ ਦਸਿਆ ਕਿ ਜੰਮੂ ਜ਼ੋਨ ਦੇ ਵਧੀਕ ਪੁਲਿਸ ਡਾਇਰੈਕਟਰ ਜਨਰਲ ਆਨੰਦ ਜੈਨ, ਜੰਮੂ ਦੇ ਡਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਲਾਮੀ ਦਿਤੀ ।
ਹਾਲ ਹੀ ਦੇ ਮਹੀਨਿਆਂ ’ਚ ਜੰਮੂ ’ਚ ਅਤਿਵਾਦੀ ਗਤੀਵਿਧੀਆਂ ’ਚ ਵਾਧਾ ਹੋਇਆ ਹੈ, ਜਿਸ ਨਾਲ ਖੇਤਰ ’ਚ ਅਤਿਵਾਦ ਦੇ ਮੁੜ ਉੱਭਰਨ ਦਾ ਡਰ ਪੈਦਾ ਹੋ ਗਿਆ ਹੈ।