
Rajnath Singh News: ਭਾਰਤ ਅਤੇ ਅਮਰੀਕਾ ਦੇ ਆਪਸੀ ਹਿੱਤਾਂ ਦੇ ‘ਮਹੱਤਵਪੂਰਨ’ ਰਣਨੀਤਕ ਮਾਮਲਿਆਂ ’ਤੇ ਅਪਣਾ ਨਜ਼ਰੀਆ ਸਾਂਝਾ ਕੀਤਾ।
Rajnath Singh News: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਅਤੇ ਅਮਰੀਕਾ ਦੇ ਆਪਸੀ ਹਿੱਤਾਂ ਦੇ ‘ਮਹੱਤਵਪੂਰਨ’ ਰਣਨੀਤਕ ਮਾਮਲਿਆਂ ’ਤੇ ਅਪਣਾ ਨਜ਼ਰੀਆ ਸਾਂਝਾ ਕੀਤਾ।
ਇਸ ਤੋਂ ਇਕ ਦਿਨ ਪਹਿਲਾਂ ਭਾਰਤ ਅਤੇ ਅਮਰੀਕਾ ਨੇ ਅਪਣੀ ਗਲੋਬਲ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਦੋ ਪ੍ਰਮੁੱਖ ਸਮਝੌਤਿਆਂ ’ਤੇ ਦਸਤਖਤ ਕੀਤੇ ਸਨ।
ਰਾਜਨਾਥ ਸਿੰਘ ਦੋਹਾਂ ਦੇਸ਼ਾਂ ਵਿਚਾਲੇ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਅਮਰੀਕਾ ਦੀ ਯਾਤਰਾ ’ਤੇ ਹਨ।
ਰਾਜਨਾਥ ਸਿੰਘ ਨੇ ਸ਼ੁਕਰਵਾਰ ਨੂੰ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨਾਲ ਮੁਲਾਕਾਤ ਕਰ ਕੇ ਅਤੇ ਆਪਸੀ ਹਿੱਤਾਂ ਦੇ ਮਹੱਤਵਪੂਰਨ ਰਣਨੀਤਕ ਮਾਮਲਿਆਂ ’ਤੇ ਦ੍ਰਿਸ਼ਟੀਕੋਣ ਸਾਂਝਾ ਕਰ ਕੇ ਖੁਸ਼ ਹਾਂ।’’
ਉਨ੍ਹਾਂ ਨੇ ਪ੍ਰਮੁੱਖ ਅਮਰੀਕੀ ਰੱਖਿਆ ਕੰਪਨੀਆਂ ਦੇ ਨੁਮਾਇੰਦਿਆਂ ਨਾਲ ‘ਲਾਭਦਾਇਕ’ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ‘ਮੇਕ ਇਨ ਇੰਡੀਆ’ ਪ੍ਰੋਗਰਾਮ ਨੂੰ ਤੇਜ਼ ਕਰਨ ਲਈ ਭਾਰਤੀ ਭਾਈਵਾਲਾਂ ਨਾਲ ਕੰਮ ਕਰਨ ਦਾ ਸੱਦਾ ਦਿਤਾ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਯੂ.ਐਸ.ਆਈ.ਐਸ.ਪੀ.ਐਫ. (ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਫੋਰਮ) ਵਲੋਂ ਕਰਵਾਈ ਗੋਲਮੇਜ਼ ਬੈਠਕ ’ਚ ਪ੍ਰਮੁੱਖ ਅਮਰੀਕੀ ਰੱਖਿਆ ਉਦਯੋਗ ਕੰਪਨੀਆਂ ਨਾਲ ਲਾਭਦਾਇਕ ਗੱਲਬਾਤ ਹੋਈ। ਉਨ੍ਹਾਂ ਨੂੰ ਰੱਖਿਆ ਖੇਤਰ ’ਚ ਆਤਮ ਨਿਰਭਰਤਾ ਹਾਸਲ ਕਰਨ ਲਈ ਸਾਡੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਨੂੰ ਤੇਜ਼ ਕਰਨ ਲਈ ਭਾਰਤੀ ਭਾਈਵਾਲਾਂ ਨਾਲ ਕੰਮ ਕਰਨ ਦਾ ਸੱਦਾ ਦਿਤਾ। ਭਾਰਤੀ ਅਤੇ ਅਮਰੀਕੀ ਕੰਪਨੀਆਂ ਵਿਸ਼ਵ ਲਈ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਲਈ ਮਿਲ ਕੇ ਕੰਮ ਕਰਨਗੀਆਂ।’’
ਯੂ.ਐਸ.ਆਈ.ਐਸ.ਪੀ.ਐਫ. ਨੇ ‘ਐਕਸ’ ’ਤੇ ਲਿਖਿਆ, ‘‘ਯੂ.ਐਸ.ਆਈ.ਐਸ.ਪੀ.ਐਫ. ਬੋਰਡ ਮੈਂਬਰਾਂ ਅਤੇ ਰੱਖਿਆ ਉਦਯੋਗ ਦੇ ਨੇਤਾਵਾਂ ਨਾਲ ਇਕ ਗੋਲਮੇਜ਼ ਮੀਟਿੰਗ ’ਚ, ਵਿਦੇਸ਼ ਮੰਤਰੀ ਨੇ ਅਮਰੀਕਾ-ਭਾਰਤ ਰੱਖਿਆ ਸਬੰਧਾਂ ਦੇ ਬੇਮਿਸਾਲ ਵਿਕਾਸ ਅਤੇ ਰੱਖਿਆ ਖੇਤਰ ਅਤੇ ਅਮਰੀਕੀ ਨਿਵੇਸ਼ ਭਾਰਤ ਦੀ ਵਿਕਾਸ ਕਹਾਣੀ ਅਤੇ 2047 ਦੇ ਟੀਚੇ ਨੂੰ ਪ੍ਰਾਪਤ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਉਣ ਬਾਰੇ ਵਿਚਾਰ-ਵਟਾਂਦਰੇ ਕੀਤੇ।’’
ਇਸ ਵਿਚ ਕਿਹਾ ਗਿਆ ਕਿ ਰਾਜਨਾਥ ਸਿੰਘ ਨੇ ‘ਰੱਖਿਆ ਗਤੀਵਿਧੀਆਂ ਰਾਹੀਂ ਰਣਨੀਤਕ ਭਾਈਵਾਲੀ ਅਤੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ’ਤੇ ਜ਼ੋਰ ਦਿਤਾ।’
ਯੂ.ਐਸ.ਆਈ.ਐਸ.ਪੀ.ਐਫ. ਦੇ ਪ੍ਰਧਾਨ ਅਤੇ ਸੀ.ਈ.ਓ. ਮੁਕੇਸ਼ ਅਘੀ ਨੇ ਕਿਹਾ ਕਿ ਰਾਜਨਾਥ ਸਿੰਘ ਨੇ ਰੱਖਿਆ ਸਬੰਧਾਂ ਅਤੇ ਰਣਨੀਤਕ ਸਬੰਧਾਂ ਦੇ ਵਿਕਾਸ ਬਾਰੇ ਗੱਲ ਕੀਤੀ ਜਿਨ੍ਹਾਂ ’ਚ ਨਿੱਜੀ ਖੇਤਰ ਹੁਣ ਸਾਈਬਰ-ਡਰੋਨ, ਏ.ਆਈ., ਪੁਲਾੜ ਅਤੇ ਕੁਆਂਟਮ ਤਕਨਾਲੋਜੀ ਵਰਗੀਆਂ ਮਹੱਤਵਪੂਰਨ ਅਤੇ ਉੱਭਰ ਰਹੀਆਂ ਤਕਨਾਲੋਜੀਆਂ ’ਚ ਡੂੰਘੇ ਰੱਖਿਆ ਤਾਲਮੇਲ ਸਥਾਪਤ ਕਰਨ ’ਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।
ਉਨ੍ਹਾਂ ਦੀ ਇਹ ਟਿਪਣੀ ਉਸ ਸਮੇਂ ਆਈ ਹੈ ਜਦੋਂ ਇਕ ਦਿਨ ਪਹਿਲਾਂ ਰਾਜਨਾਥ ਸਿੰਘ ਨੇ ਸ਼ੁਕਰਵਾਰ ਨੂੰ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨਾਲ ਮੁਲਾਕਾਤ ਕੀਤੀ ਸੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੀਆਂ ਰੱਖਿਆ ਸਹਿਯੋਗ ਗਤੀਵਿਧੀਆਂ ਦੀ ਸਮੀਖਿਆ ਕੀਤੀ ਸੀ।
ਰਾਜਨਾਥ ਸਿੰਘ ਨੇ ਪੋਸਟ ਕੀਤਾ, ‘‘ਮੇਰੇ ਪਿਆਰੇ ਦੋਸਤ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨਾਲ ਸ਼ਾਨਦਾਰ ਮੁਲਾਕਾਤ ਹੋਈ। ਅਸੀਂ ਚੱਲ ਰਹੀਆਂ ਰੱਖਿਆ ਸਹਿਯੋਗ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਇਸ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਸਪਲਾਈ ਸੁਰੱਖਿਆ ਪ੍ਰਣਾਲੀ ’ਤੇ ਹਸਤਾਖਰ ਅਤੇ ਪ੍ਰਮੁੱਖ ਅਮਰੀਕੀ ਕਮਾਂਡਾਂ ’ਤੇ ਭਾਰਤੀ ਅਧਿਕਾਰੀਆਂ ਦੀ ਤਾਇਨਾਤੀ ਬਾਰੇ ਸਮਝੌਤਾ ਇਤਿਹਾਸਕ ਘਟਨਾਕ੍ਰਮ ਹਨ।’’