
BSF ਸਰਹੱਦ ’ਤੇ ‘ਜ਼ੀਰੋ ਫਾਇਰਿੰਗ’ ਦੀ ਅਪਣੀ ਨੀਤੀ ਪ੍ਰਤੀ ਵਚਨਬੱਧ, BJB ਮੰਗਿਆ ਸਹਿਯੋਗ
ਨਵੀਂ ਦਿੱਲੀ : ਸਰਹੱਦੀ ਸੁਰੱਖਿਆ ਬਲ (BSF) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਪਛਮੀ ਬੰਗਾਲ ’ਚ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਗਸ਼ਤ ਦੌਰਾਨ ਗੁਆਂਢੀ ਦੇਸ਼ ਦੇ ‘ਸ਼ਰਾਰਤੀ ਤੱਤਾਂ’ ਵਲੋਂ ਉਸ ਦੇ ਜਵਾਨ ਨੂੰ ਅਗਵਾ ਕੀਤੇ ਜਾਣ ’ਤੇ ਅਪਣੇ ਬੰਗਲਾਦੇਸ਼ੀ ਹਮਰੁਤਬਾ BJB ਕੋਲ ਸਖਤ ਵਿਰੋਧ ਦਰਜ ਕਰਵਾਇਆ ਹੈ।
ਬਿਆਨ ’ਚ ਕਿਹਾ ਗਿਆ ਹੈ ਕਿ ਸਰਹੱਦੀ ਗਾਰਡ ਬੰਗਲਾਦੇਸ਼ (BJB) ਨੇ ਦੋਹਾਂ ਧਿਰਾਂ ਵਿਚਾਲੇ ਫਲੈਗ ਮੀਟਿੰਗ ਤੋਂ ਬਾਅਦ ਜਵਾਨ ਨੂੰ ਵਾਪਸ ਸੌਂਪ ਦਿਤਾ। ਜਵਾਨ ਨੂੰ 15-20 ‘ਬੰਗਲਾਦੇਸ਼ੀ ਸ਼ਰਾਰਤੀ ਤੱਤਾਂ’ ਦੇ ਇਕ ਸਮੂਹ ਨੇ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ ਪਛਮੀ ਬੰਗਾਲ ਦੇ ਦਿਨਾਜਪੁਰ ਇਲਾਕੇ ’ਚ ਬਿਰਲ ਸਰਹੱਦ ’ਤੇ ਨਿਯਮਤ ਗਸ਼ਤ ਕਰ ਰਿਹਾ ਸੀ।
BSF ਨੇ ਇਕ ਬਿਆਨ ’ਚ ਕਿਹਾ, ‘‘ਬਦਮਾਸ਼ ਭਾਰਤੀ ਖੇਤਰ ’ਚ ਦਾਖਲ ਹੋਏ ਅਤੇ BSF ਦੇ ਜਵਾਨ ਨੂੰ ਜ਼ਬਰਦਸਤੀ ਬੰਗਲਾਦੇਸ਼ ਲੈ ਗਏ ਅਤੇ ਉਸ ਨੂੰ ਬੀਜੀਬੀ ਹਿਰਾਸਤ ’ਚ ਰੱਖਿਆ ਗਿਆ।’’ ਇਸ ਚਿੰਤਾਜਨਕ ਸਥਿਤੀ ਬਾਰੇ BSF ਦੇ ਉੱਤਰੀ ਬੰਗਾਲ ਫਰੰਟੀਅਰ ਦੇ ਇੰਸਪੈਕਟਰ ਜਨਰਲ ਨੇ ਤੁਰਤ BJB ਦੇ ਉੱਤਰ-ਪਛਮੀ ਖੇਤਰ ਦੇ ਖੇਤਰੀ ਕਮਾਂਡਰ ਨਾਲ ਸੰਪਰਕ ਕੀਤਾ ਅਤੇ ਅਗਵਾ ਕੀਤੇ ਜਵਾਨ ਦੀ ਤੁਰਤ ਰਿਹਾਈ ਦੀ ਮੰਗ ਕੀਤੀ। BSF ਦੀ ਉੱਤਰੀ ਬੰਗਾਲ ਸਰਹੱਦ ਦਾ ਹੈੱਡਕੁਆਰਟਰ ਸਿਲੀਗੁੜੀ ’ਚ ਸਥਿਤ ਹੈ।
BSF ਨੇ ਕਿਹਾ ਕਿ ਉਹ ਇਸ ਹਮਲਾਵਰ ਕਾਰਵਾਈ ਦੀ ਨਿੰਦਾ ਕਰਦਾ ਹੈ ਅਤੇ ਬੰਗਲਾਦੇਸ਼ ਦੇ ਸ਼ਰਾਰਤੀ ਅਨਸਰਾਂ ਵਿਰੁਧ ਰਸਮੀ ਵਿਰੋਧ ਦਰਜ ਕਰਵਾਉਂਦਾ ਹੈ। ਇਸ ਨੇ ਕਿਹਾ, ‘‘ਬੀ.ਐਸ.ਐਫ. ਨੇ ਸਰਹੱਦ ’ਤੇ ਸ਼ਾਂਤੀਪੂਰਨ ਸਬੰਧ ਬਣਾਈ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿਤਾ ਹੈ ਅਤੇ BJB ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਨਾਗਰਿਕਾਂ ਨੂੰ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਹੁਕਮ ਦੇਵੇ।’’
BSF ਨੇ ਕਿਹਾ, ‘‘BSF ਸਰਹੱਦ ’ਤੇ ‘ਜ਼ੀਰੋ ਫਾਇਰਿੰਗ’ ਦੀ ਅਪਣੀ ਨੀਤੀ ਪ੍ਰਤੀ ਵਚਨਬੱਧ ਹੈ ਅਤੇ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ BJB ਤੋਂ ਸਹਿਯੋਗ ਚਾਹੁੰਦਾ ਹੈ।’’
BSF ਨੇ ਕਿਹਾ ਕਿ ਉਸ ਨੇ, ‘‘ਅਪਣੇ ਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਕੰਮ ਕੀਤਾ ਅਤੇ ਬੀਜੀਬੀ ਨੇ ਸੈਕਟਰ ਕਮਾਂਡਰਾਂ ਦਰਮਿਆਨ ਮੀਟਿੰਗ ਤੋਂ ਬਾਅਦ ਜਵਾਨ ਨੂੰ ਵਾਪਸ ਕਰ ਦਿਤਾ।’’ ਭਾਰਤ ਅਤੇ ਬੰਗਲਾਦੇਸ਼ ਦੀ 4,096 ਕਿਲੋਮੀਟਰ ਲੰਬੀ ਸਰਹੱਦ ਹੈ, ਜਿਸ ਦੀ ਸੁਰੱਖਿਆ ਕ੍ਰਮਵਾਰ BSF ਅਤੇ BJB ਕਰਦੇ ਹਨ ਅਤੇ 5 ਅਗੱਸਤ ਨੂੰ ਢਾਕਾ ’ਚ ਸ਼ੇਖ ਹਸੀਨਾ ਸਰਕਾਰ ਦੇ ਸੱਤਾ ਤੋਂ ਹਟਣ ਤੋਂ ਬਾਅਦ ਭਾਰਤੀ ਬਲ ਅਲਰਟ ’ਤੇ ਹਨ।