
ਮੁਸਾਫ਼ਰ ਦਾ ਤੁਰੰਤ ਕਰਵਾਇਆ ਗਿਆ ਇਲਾਜ
ਇੰਦੌਰ : ਇੰਦੌਰ ਦੇ ਇਕ ਹਸਪਤਾਲ ’ਚ ਚੂਹੇ ਦੇ ਹਮਲੇ ’ਚ ਦੋ ਨਵਜੰਮੀਆਂ ਬੱਚੀਆਂ ਦੀ ਮੌਤ ਉਤੇ ਗੁੱਸਾ ਅਜੇ ਚੰਗੀ ਤਰ੍ਹਾਂ ਠੰਢਾ ਵੀ ਨਹੀਂ ਹੋ ਸਕਿਆ ਹੈ ਕਿ ਹੁਣ ਇਕ ਮੁਸਾਫ਼ਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਸਥਾਨਕ ਹਵਾਈ ਅੱਡੇ ਉਤੇ ਚੂਹੇ ਨੇ ਕੱਟ ਲਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਇੰਦੌਰ ਤੋਂ ਬੈਂਗਲੁਰੂ ਜਾ ਰਹੇ ਇਕ ਵਿਅਕਤੀ ਨੂੰ ਮੰਗਲਵਾਰ ਨੂੰ ਇੰਦੌਰ ਹਵਾਈ ਅੱਡੇ ਦੇ ਰਵਾਨਗੀ ਖੇਤਰ ਵਿਚ ਕਥਿਤ ਤੌਰ ’ਤੇ ਚੂਹੇ ਨੇ ਕੱਟ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਹਵਾਈ ਅੱਡੇ ਦੇ ਡਾਕਟਰ ਨੇ ਮੁਸਾਫ਼ਰ ਨੂੰ ਟੀਕਾ ਲਗਾਇਆ ਅਤੇ ਐਂਟੀਬਾਇਓਟਿਕ ਗੋਲੀਆਂ ਦਿੱਤੀਆਂ।
ਦੇਵੀ ਅਹਿਲਿਆਬਾਈ ਹੋਲਕਰ ਹਵਾਈ ਅੱਡੇ ਦੇ ਡਾਇਰੈਕਟਰ ਵਿਪਿਨਕਾਂਤ ਸੇਠ ਨੇ ਦੱਸਿਆ ਕਿ ਮੁਸਾਫ਼ਰ ਨੂੰ ਸੰਭਾਵਤ ਤੌਰ ’ਤੇ ਚੂਹੇ ਨੇ ਕੱਟਿਆ ਸੀ ਅਤੇ ਉਸ ਦਾ ਤੁਰੰਤ ਸਹੀ ਇਲਾਜ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ, ‘‘ਇਸ ਘਟਨਾ ਤੋਂ ਬਾਅਦ ਅਸੀਂ ਇਕ ਵਾਰ ਫਿਰ ਹਵਾਈ ਅੱਡੇ ’ਚ ਦਵਾਈ ਛਿੜਕੀ।’’
ਅਧਿਕਾਰੀਆਂ ਅਨੁਸਾਰ, 31 ਅਗਸਤ ਅਤੇ 1 ਸਤੰਬਰ ਦੀ ਰਾਤ ਨੂੰ ਸ਼ਹਿਰ ਦੇ ਸਰਕਾਰ ਵਲੋਂ ਚਲਾਏ ਜਾ ਰਹੇ ਮਹਾਰਾਜਾ ਯਸ਼ਵੰਤਰਾਓ ਚਿਕਿਤਸਾਲਿਆ (ਐਮ.ਵਾਈ.ਐਚ.) ਦੇ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਵਿਚ ਚੂਹਿਆਂ ਦੇ ਹਮਲੇ ਤੋਂ ਬਾਅਦ ਦੋ ਨਵਜੰਮੀ ਬੱਚੀਆਂ ਦੀ ਮੌਤ ਹੋ ਗਈ ਸੀ।
ਗੰਭੀਰ ਲਾਪਰਵਾਹੀ ਦੇ ਦੋਸ਼ਾਂ ਦਾ ਸਾਹਮਣਾ ਕਰਦਿਆਂ, ਐਮ.ਵਾਈ.ਐਚ. ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਮੌਤਾਂ ਚੂਹਿਆਂ ਦੇ ਕੱਟਣ ਨਾਲ ਸਬੰਧਤ ਨਹੀਂ ਸਨ ਅਤੇ ਦੋ ਨਵਜੰਮੇ ਬੱਚੇ ਵੱਖੋ ਵੱਖਰੀਆਂ ਜਮਾਂਦਰੂ ਸਿਹਤ ਸਮੱਸਿਆਵਾਂ ਕਾਰਨ ਪਹਿਲਾਂ ਤੋਂ ਮੌਜੂਦ ਗੰਭੀਰ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਗਏ ਸਨ।