
ਰਾਵਣ ਦਾ ਪੁਤਲਾ ਸਾੜਨਾ ਇਕ ਕੁਪ੍ਰਥਾ ਹੈ : ਲੰਕੇਸ਼ ਭਗਤ ਮੰਡਲ ਦੇ ਪ੍ਰਧਾਨ ਓਮਵੀਰ ਸਾਰਸਵਤ
ਮਥੁਰਾ (ਉੱਤਰ ਪ੍ਰਦੇਸ਼): ਮਥੁਰਾ ’ਚ ਸਾਰਸਵਤ ਵੰਸ਼ ਦੇ ਲੋਕਾਂ ਨੇ ਮੰਗਲਵਾਰ ਨੂੰ ਦੁਸਹਿਰੇ ਮੌਕੇ ਇਸ ਵਾਰੀ ਵੀ ਰਾਵਣ ਦਹਿਨ ਦਾ ਵਿਰੋਧ ਕਰਦਿਆਂ ਰਾਵਣ ਦੀ ਆਰਤੀ ਕੀਤੀ।
ਲੰਕੇਸ਼ ਭਗਤ ਮੰਡਲ ਦੇ ਪ੍ਰਧਾਨ ਓਮਵੀਰ ਸਾਰਸਵਤ ਨੇ ਕਿਹਾ ਕਿ ਦੁਸਹਿਰੇ ਮੌਕੇ ਇਸ ਵਾਰੀ ਵੀ ਭਗਵਾਨ ਸ਼ਿਵ ਦੇ ਪਰਮ ਭਗਤ ਅਤੇ ਭਗਵਾਨ ਸ੍ਰੀਰਾਮ ਦੇ ਆਚਾਰੀਆ ਤ੍ਰਿਕਾਲਦਰਸ਼ੀ ਪ੍ਰਕੰਡ ਵਿਦਵਾਨ ‘ਮਹਾਰਾਜ ਰਾਵਣ’ ਦੇ ਪੁਤਲੇ ਦੇ ਦਹਿਨ ਦਾ ਵਿਰੋਧ ਕਰਦਿਆਂ ਯਮੁਨਾ ਪਾਰ ਪੁਲ ਹੇਠਾਂ ਸਥਿਤ ਰਾਵਣ ਦੇ ਮੰਦਰ ਸਾਹਮਣੇ ਉਸ ਦੀ ਮਹਾਆਰਤੀ ਕੀਤੀ ਗਈ। ਫਿਰ ‘ਲੰਕੇਸ਼ ਦੇ ਸਰੂਪ’ ਵਲੋਂ ਭਗਵਾਨ ਸ਼ਿਵ ਦੀ ਵਿਸ਼ੇਸ਼ ਆਰਾਧਨਾ ਕੀਤੀ ਗਈ।
ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀਰਾਮ ਨੇ ਆਚਾਰੀਆ ਸਰੂਪ ’ਚ ਰਾਵਣ ਵਲੋਂ ਪੂਜਾ ਕਰਵਾਉਣ ਦਾ ਫੈਸਲਾ ਕੀਤਾ ਸੀ। ਇਸ ਲਈ ਜਾਮਵੰਤ ਨੂੰ ਲੰਕਾ ’ਚ ਰਾਵਣ ਕੋਲ ਸੱਦਾ ਭੇਜਿਆ ਗਿਆ ਸੀ। ਰਾਵਣ ਮਾਤਾ ਸੀਤਾ ਨੂੰ ਨਾਲ ਲੈ ਕੇ ਸਮੁੰਦਰ ਤੱਟ ’ਤੇ ਆਇਆ ਸੀ, ਜਿੱਥੇ ਭਗਵਾਨ ਰਾਮ ਨੇ ਮਾਤਾ ਸੀਤਾ ਨਾਲ ਸ਼ਿਵਲਿੰਗ ਦੀ ਸਥਾਪਨਾ ਕਰ ਕੇ ਵਿਸ਼ੇਸ਼ ਪੂਜਾ ਕਰਵਾਈ ਸੀ ਅਤੇ ਲੰਕੇਸ਼ ਨੂੰ ਅਪਣਾ ਆਚਾਰੀਆ ਬਣਾਇਆ ਸੀ। ਲੰਕੇਸ਼ ਵਲੋਂ ਕਰਵਾਈ ਗਈ ਪੂਜਾ ਵਾਲੀ ਥਾਂ ਨੂੰ ਰਾਮੇਸ਼ਵਰਮ ਨਾਂ ਨਾਲ ਜਾਣਿਆ ਜਾਂਦਾ ਹੈ।
ਸਾਰਸਵਤ ਨੇ ਕਿਹਾ ਕਿ ਰਾਵਣ ਦਾ ਪੁਤਲਾ ਸਾੜਨਾ ਇਕ ਕੁਪ੍ਰਥਾ ਹੈ ਕਿਉਂਕਿ ਸਨਾਤਨ ਧਰਮ ਅਤੇ ਹਿੰਦੂ ਸਭਿਆਚਾਰ ’ਚ ਇਕ ਵਿਅਕਤੀ ਦਾ ਇਕ ਵਾਰੀ ਹੀ ਸਸਕਾਰ ਕੀਤਾ ਜਾਂਦਾ ਹੈ ਵਾਰ-ਵਾਰ ਨਹੀਂ। ਇਸ ਮੌਕੇ ’ਤੇ ਲੰਕੇਸ਼ ਭਗਤ ਮੰਡਲ ਦੇ ਕਈ ਅਹੁਦੇਦਾਰ ਅਤੇ ਮੈਂਬਰ ਮੌਜੂਦ ਰਹੇ।