
2 ਦਰਜਨ ਲੋਕਾਂ ਦੇ ਮਲਬੇ 'ਚ ਦੱਬੇ ਹੋਣ ਦਾ ਖ਼ਦਸ਼ਾ!
ਮੋਤੀਹਾਰੀ: ਬਿਹਾਰ ਦੇ ਮੋਤੀਹਾਰੀ 'ਚ ਵੱਡਾ ਹਾਦਸਾ ਵਾਪਰਿਆ ਹੈ। ਰਾਮਗੜ੍ਹਵਾ ਦੇ ਨਾਰੀਲਗਿਰੀ 'ਚ ਇੱਟਾਂ ਦੇ ਭੱਠੇ ਦੀ ਚਿਮਨੀ 'ਚ ਧਮਾਕਾ ਹੋਇਆ ਹੈ। ਇੱਟਾਂ ਦੇ ਭੱਠੇ ਦੀ ਚਿਮਨੀ 'ਚ ਧਮਾਕਾ ਹੋਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ। ਮਲਬੇ ਵਿੱਚ ਅਜੇ ਵੀ 2 ਦਰਜਨ ਤੋਂ ਵੱਧ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। 16 ਲੋਕ ਗੰਭੀਰ ਹਾਲਤ 'ਚ ਰਕਸੌਲ 'ਚ ਇਲਾਜ ਅਧੀਨ ਹਨ।
ਘਟਨਾ ਤੋਂ ਬਾਅਦ ਆਸਪਾਸ ਦੇ ਲੋਕਾਂ 'ਚ ਭਗਦੜ ਮੱਚ ਗਈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਸਥਾਨਕ ਪੁਲਿਸ ਅਤੇ ਅਧਿਕਾਰੀਆਂ ਦੀ ਟੀਮ ਮੌਕੇ 'ਤੇ ਮੌਜੂਦ ਹੈ। ਜ਼ਖਮੀਆਂ ਦੀ ਹਾਲਤ ਵੀ ਕਾਫੀ ਗੰਭੀਰ ਬਣੀ ਹੋਈ ਹੈ। ਆਸਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਬਿਹਾਰ ਪੁਲਿਸ ਹੈੱਡਕੁਆਰਟਰ ਵੱਲੋਂ ਦੱਸਿਆ ਗਿਆ ਹੈ ਕਿ ਹਾਦਸੇ ਤੋਂ ਬਾਅਦ ਐਸਡੀਆਰਐਫ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਬਚਾਅ ਕਾਰਜ ਚਲਾਇਆ।
ਮਰਨ ਵਾਲਿਆਂ ਵਿਚ 4 ਸਥਾਨਕ ਲੋਕ ਅਤੇ 3 ਉੱਤਰ ਪ੍ਰਦੇਸ਼ ਦੇ ਨਿਵਾਸੀ ਸਨ। ਪੁਲਿਸ ਲਗਾਤਾਰ ਸਹਿਯੋਗ ਕਰ ਰਹੀ ਹੈ ਅਤੇ ਲੋੜੀਂਦੀ ਮਦਦ ਪ੍ਰਦਾਨ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ ਮੋਤੀਹਾਰੀ ਵਿੱਚ ਇੱਕ ਇੱਟ ਭੱਠਾ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਦੁਖੀ ਹਾਂ। ਦੁਖੀ ਪਰਿਵਾਰਾਂ ਨਾਲ ਹਮਦਰਦੀ। ਜ਼ਖਮੀਆਂ ਲਈ ਪ੍ਰਾਰਥਨਾਵਾਂ। ਮ੍ਰਿਤਕਾਂ ਦੇ ਵਾਰਸਾਂ ਨੂੰ PMNRF 2-2 ਲੱਖ ਤੇ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।