
ਚਾਲਕ ਦਲ ਦੇ ਸਾਰੇ ਭਾਰਤੀ ਮੈਂਬਰ ਸੁਰੱਖਿਅਤ
Oil Tanker: ਦਖਣੀ ਲਾਲ ਸਾਗਰ ’ਚ ਡਰੋਨ ਹਮਲੇ ਦਾ ਸ਼ਿਕਾਰ ਹੋਏ ਤੇਲ ਟੈਂਕਰ ਐੱਮ.ਵੀ. ਸਾਈਬਾਬਾ ’ਤੇ ਸਵਾਰ ਚਾਲਕ ਦਲ ਦੇ ਸਾਰੇ 25 ਮੈਂਬਰ ਭਾਰਤੀ ਦੱਸੇ ਜਾ ਰਹੇ ਹਨ ਅਤੇ ਹਮਲੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਭਾਰਤੀ ਅਧਿਕਾਰੀਆਂ ਅਤੇ ਅਮਰੀਕੀ ਫੌਜ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਦਖਣੀ ਲਾਲ ਸਾਗਰ ’ਚ ਸਨਿਚਰਵਾਰ ਨੂੰ ਯਮਨ ਦੇ ਹੂਤੀ ਡਰੋਨ ਹਮਲਿਆਂ ’ਚ ਦਾ ਸ਼ਿਕਾਰ ਦੋ ਜਹਾਜ਼ਾਂ ’ਚੋਂ ਇਕ ਭਾਰਤੀ ਝੰਡੇ ਵਾਲਾ ਤੇਲ ਟੈਂਕਰ ਵੀ ਸ਼ਾਮਲ ਹੈ। ਹਾਲਾਂਕਿ ਭਾਰਤੀ ਫ਼ੌਜ ਨੇ ਕਿਹਾ ਕਿ ਐਮ.ਵੀ. ਸਾਈਬਾਬਾ ਭਾਰਤੀ ਨਹੀਂ ਬਲਕਿ ਗੈਬਨ ਝੰਡੇ ਵਾਲਾ ਜਹਾਜ਼ ਹੈ ਅਤੇ ਇਸ ਨੂੰ ‘ਭਾਰਤੀ ਜਹਾਜ਼ਾਂ ਦੇ ਰਜਿਸਟਰ’ ਵਲੋਂ ਪ੍ਰਮਾਣਿਤ ਕੀਤਾ ਗਿਆ ਹੈ।
ਘਟਨਾ ਸਨਿਚਰਵਾਰ ਨੂੰ ਭਾਰਤ ਦੇ ਪਛਮੀ ਤੱਟ ਦੇ ਨੇੜੇ ਅਰਬ ਸਾਗਰ ’ਚ ਇਕ ਵਪਾਰਕ ਜਹਾਜ਼ ‘ਐਮ.ਵੀ. ਕੈਮ ਪਲੂਟੋ’ ’ਤੇ ਸ਼ੱਕੀ ਡਰੋਨ ਹਮਲੇ ਤੋਂ ਬਾਅਦ ਹੋਈ ਹੈ। ਇਸ ਜਹਾਜ਼ ’ਚ ਵੀ 21 ਭਾਰਤੀ ਸਵਾਰ ਸਨ ਪਰ ਹਮਲੇ ’ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਭਾਰਤੀ ਫੌਜ ਦੇ ਇਕ ਅਧਿਕਾਰੀ ਨੇ ਦਸਿਆ ਕਿ ਜਹਾਜ਼ ਐਮ.ਵੀ. ਸਾਈਬਾਬਾ ’ਤੇ ਸਵਾਰ ਚਾਲਕ ਦਲ ਦੇ ਸਾਰੇ 25 ਮੈਂਬਰ ਭਾਰਤੀ ਦੱਸੇ ਜਾ ਰਹੇ ਹਨ ਅਤੇ ਹਮਲੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਜਲ ਸੈਨਾ ਸਥਿਤੀ ’ਤੇ ਨੇੜਿਉਂ ਨਜ਼ਰ ਰੱਖ ਰਹੀ ਹੈ।
ਅਮਰੀਕੀ ਸੈਂਟਰਲ ਕਮਾਂਡ ਦੇ ਇਕ ਬਿਆਨ ਮੁਤਾਬਕ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 8 ਵਜੇ ਅਮਰੀਕੀ ਜਲ ਸੈਨਾ ਦੀ ਕੇਂਦਰੀ ਕਮਾਂਡ ਨੂੰ ਦਖਣੀ ਲਾਲ ਸਾਗਰ ’ਚ ਦੋ ਜਹਾਜ਼ਾਂ ਤੋਂ ਰੀਪੋਰਟ ਮਿਲੀ ਕਿ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਹੈ। ਬਿਆਨ ਮੁਤਾਬਕ ਨਾਰਵੇ ਦੇ ਝੰਡੇ ਵਾਲੇ ਤੇਲ ਟੈਂਕਰ ‘ਐਮ/ਵੀ ਬਲਮਾਨੇਨ’ ਨੂੰ ਹੂਤੀ ਵਿਦਰੋਹੀਆਂ ਦੇ ਡਰੋਨ ਨੇ ਨਿਸ਼ਾਨਾ ਬਣਾਇਆ। ਇਸ ਮੁਤਾਬਕ ਭਾਰਤੀ ਝੰਡਾ ਅਤੇ ਗੈਬਾਨ ਦੀ ਮਲਕੀਅਤ ਵਾਲੇ ਇਕ ਹੋਰ ਤੇਲ ਟੈਂਕਰ ‘ਐਮ/ਵੀ ਸਾਈਬਾਬਾ’ ਨੇ ਵੀ ਇਸ ’ਤੇ ਡਰੋਨ ਹਮਲੇ ਦੀ ਸੂਚਨਾ ਦਿਤੀ। ਇਸ ਹਮਲੇ ’ਚ ਵੀ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
(For more news apart from Oil Tanker, stay tuned to Rozana Spokesman)