
Uttar Pardesh News: ਅਦਾਲਤ ਨੇ ਏਆਈਐਮਆਈਐਮ ਮੁਖੀ ਨੂੰ 7 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ
Uttar Pardesh News: ਬਰੇਲੀ ਜ਼ਿਲ੍ਹਾ ਅਦਾਲਤ ਦੇ ਜੱਜ ਨੇ ਸੰਸਦ ਵਿਚ ‘ਜੈ ਫ਼ਲਸਤੀਨ’ ਕਹਿਣ ਦੇ ਮਾਮਲੇ ਵਿਚ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਦੇ ਰਾਸ਼ਟਰੀ ਪ੍ਰਧਾਨ ਅਸਦੁਦੀਨ ਓਵੈਸੀ ਨੂੰ ਨੋਟਿਸ ਜਾਰੀ ਕਰ ਕੇ ਤਲਬ ਕੀਤਾ ਹੈ। ਇਕ ਵਕੀਲ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਅਦਾਲਤ ਨੇ ਮਾਮਲੇ ਦੀ ਸੁਣਵਾਈ 7 ਜਨਵਰੀ ਨੂੰ ਤੈਅ ਕੀਤੀ ਹੈ।
ਐਡਵੋਕੇਟ ਵਰਿੰਦਰ ਗੁਪਤਾ ਨੇ ਸੰਸਦ ’ਚ ‘ਜੈ ਫ਼ਲਸਤੀਨ’ ਕਹਿਣ ’ਤੇ ਓਵੈਸੀ ਵਿਰੁਧ ਮੁਕੱਦਮਾ ਦਾਇਰ ਕੀਤਾ ਹੈ, ਜਿਸ ’ਚ ਉਨ੍ਹਾਂ ’ਤੇ ਸੰਵਿਧਾਨਕ ਅਤੇ ਕਾਨੂੰਨੀ ਸਿਧਾਂਤਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਐਡਵੋਕੇਟ ਗੁਪਤਾ ਨੇ ਦਸਿਆ ਕਿ ਉਨ੍ਹਾਂ ਨੇ ਐਮਪੀ-ਐਮਐਲਏ ਕੋਰਟ ਵਿਚ ਅਸਦੁਦੀਨ ਓਵੈਸੀ ਵਿਰੁਧ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਰੱਦ ਕਰ ਦਿਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਜ਼ਿਲ੍ਹਾ ਜੱਜ ਦੀ ਅਦਾਲਤ ਵਿਚ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜੱਜ ਦੀ ਅਦਾਲਤ ਨੇ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੂੰ 7 ਜਨਵਰੀ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ।
ਐਡਵੋਕੇਟ ਗੁਪਤਾ ਨੇ ਕਿਹਾ ਕਿ ਓਵੈਸੀ ਦਾ ਬਿਆਨ ਭਾਰਤ ਦੇ ਸੰਵਿਧਾਨ ਦੇ ਉਲਟ ਅਤੇ ਅਪਮਾਨਜਨਕ ਹੈ। ਇਸ ਸਬੰਧੀ ਉਸ ਨੇ ਬਰੇਲੀ ਦੇ ਐਮ.ਪੀ.-ਐਮ.ਐਲ.ਏ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ 12 ਜੁਲਾਈ 2024 ਨੂੰ ਰੱਦ ਕਰ ਦਿਤਾ ਸੀ। ਇਸ ਤੋਂ ਬਾਅਦ ਉਸ ਨੇ ਕੇਸ ’ਚ ਜ਼ਿਲ੍ਹਾ ਜੱਜ ਦੀ ਅਦਾਲਤ ਵਿਚ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਓਵੈਸੀ ਨੇ 4 ਜੂਨ, 2024 ਨੂੰ 18ਵੀਂ ਲੋਕ ਸਭਾ ਦੇ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ 25 ਜੂਨ, 2024 ਨੂੰ ਹੈਦਰਾਬਾਦ ਤੋਂ ਸੰਸਦ ਮੈਂਬਰ ਵਜੋਂ ਲੋਕ ਸਭਾ ਵਿਚ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਓਵੈਸੀ ਨੇ ‘ਜੈ ਭੀਮ, ਜੈ ਮੀਮ, ਜੈ ਤੇਲੰਗਾਨਾ, ਜੈ ਫ਼ਲਸਤੀਨ’ ਕਿਹਾ ਸੀ, ਜਿਸ ਨਾਲ ਉਸ ਸਮੇਂ ਕਾਫ਼ੀ ਹੰਗਾਮਾ ਹੋਇਆ ਸੀ।