
ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਸਮਝੌਤੇ ਨੂੰ ਅੰਤਮ ਰੂਪ ਦੇਣ ਦੇ ਉਸ ਦੇ ਪ੍ਰਸਤਾਵ 'ਤੇ ਭਾਰਤ ਦੇ ਜਵਾਬ ਨੂੰ ਬਚਕਾਨਾ ਕਰਾਰ......
ਨਵੀਂ ਦਿੱਲੀ : ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਸਮਝੌਤੇ ਨੂੰ ਅੰਤਮ ਰੂਪ ਦੇਣ ਦੇ ਉਸ ਦੇ ਪ੍ਰਸਤਾਵ 'ਤੇ ਭਾਰਤ ਦੇ ਜਵਾਬ ਨੂੰ ਬਚਕਾਨਾ ਕਰਾਰ ਦਿੰਦਿਆਂ ਕਿਹਾ ਕਿ ਇਸਲਾਮਾਬਾਦ ਦਾ ਜਵਾਬ ਪਰਪੱਕ ਹੋਵੇਗਾ। ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤੀ ਅਧਿਕਾਰੀਆਂ ਨਾਲ ਮਸੌਦਾ ਸਮਝੌਤਾ ਅਤੇ ਵਿਸਤ੍ਰਿਤ ਤਜਵੀਜ਼ ਸਾਂਝੀ ਕੀਤੀ ਸੀ ਅਤੇ ਸਮਝੌਤੇ ਦੇ ਤੌਰ-ਤਰੀਕਿਆਂ ਨੂੰ ਅੰਤਮ ਰੂਪ ਦੇਣ ਅਤੇ ਚਰਚਾ ਕਰਨ ਲਈ ਭਾਰਤੀ ਵਫ਼ਦ ਨੂੰ ਪਾਕਿਸਤਾਨ ਸਦਿਆ ਸੀ। ਫ਼ੈਸਲ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਪਾਕਿਸਤਾਨ ਦੀ ਪਹਿਲ ਬਾਰੇ ਪ੍ਰਤੀਕਰਮ ਦੇਣ ਦੀ ਬਜਾਏ ਭਾਰਤ ਨੇ ਪਾਕਿਸਤਾਨ ਦੇ ਵਫ਼ਦ ਨੂੰ
ਨਵੀਂ ਦਿੱਲੀ ਦਾ ਸੱਦਾ ਭੇਜਿਆ ਅਤੇ ਬੈਠਕ ਲਈ 26 ਫ਼ਰਵਰੀ ਤੇ 7 ਮਾਰਚ ਦੀਆਂ ਦੋ ਸੰਭਾਵੀ ਤਰੀਕਾਂ ਸੁਝਾਈਆਂ। ਉਨ੍ਹਾਂ ਕਿਹਾ, 'ਭਾਰਤ ਦੇ ਰੁਖ਼ ਦੇ ਉਲਟ ਪਾਕਿਸਤਾਨ ਇਸ ਅਤਿ ਅਹਿਮ ਮਸਲੇ 'ਤੇ ਬਹੁਤ ਪਰਪੱਕ ਅਤੇ ਸੋਚਿਆ-ਸਮਝਿਆ ਜਵਾਬ ਹੋਵੇਗਾ ਅਤੇ ਭਾਰਤ ਦੀ ਪਹਿਲ ਬਾਰੇ ਬਹੁਤ ਛੇਤੀ ਪ੍ਰਤੀਕਰਮ ਦੇਵੇਗਾ।' ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਵਿਚ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਨਾਲ ਜੋੜੇਗਾ। ਫ਼ੈਸਲ ਨੇ ਦੋਸ਼ ਲਾਇਆ ਕਿ ਭਾਰਤ ਨੇ ਪਿਛਲੇ ਸਾਲ 2300 ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਅਤੇ ਹੁਣ ਵੀ ਹੋ ਰਹੀ ਹੈ। (ਏਜੰਸੀ)