
ਕਾਂਗਰਸ ਵਿਰੁਧ ਕਿਸਾਨ ਕਰਜ਼ਾ ਮਾਫ਼ੀ ਦਾ ਵਾਅਦਾ ਪੂਰਾ ਕਰਨ ਵਿਚ ਅਸਫ਼ਲ ਰਹਿਣ ਅਤੇ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਭਾਜਪਾ ਨੇ......
ਨਵੀਂ ਦਿੱਲੀ : ਕਾਂਗਰਸ ਵਿਰੁਧ ਕਿਸਾਨ ਕਰਜ਼ਾ ਮਾਫ਼ੀ ਦਾ ਵਾਅਦਾ ਪੂਰਾ ਕਰਨ ਵਿਚ ਅਸਫ਼ਲ ਰਹਿਣ ਅਤੇ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਭਾਜਪਾ ਨੇ ਕਿਹਾ ਕਿ ਨਾਹਰਾ ਦੇ ਕੇ ਵੋਟ ਲੈਣਾ ਅਤੇ ਵੋਟ ਮਿਲਣ 'ਤੇ ਸੱਭ ਕੁੱਝ ਭੁੱਲ ਜਾਣਾ ਕਾਂਗਰਸ ਪਾਰਟੀ ਦਾ ਕਿਰਦਾਰ ਰਿਹਾ ਹੈ ਅਤੇ ਕਿਸਾਨਾਂ ਦੀ ਕਰਜ਼ਾ ਮਾਫ਼ੀ ਦੇ ਮਾਮਲੇ ਵਿਚ ਇਹ ਇਕ ਵਾਰ ਫਿਰ ਸਾਬਤ ਹੋਇਆ ਹੈ। ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਨੋਜ ਸਿਨਹਾ ਨੇ ਪਾਰਟੀ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਸੀ
ਪਰ ਕਾਂਗਰਸ ਨੇ ਕਿਸਾਨਾਂ ਨਾਲ ਸਿਰਫ਼ ਧੋਖਾ ਕੀਤਾ ਹੈ। ਮੱਧ ਪ੍ਰਦੇਸ਼ ਵਿਚ ਕਈ ਕਿਸਾਨਾਂ ਦੇ 97 ਰੁਪਏ, 313 ਰੁਪਏ ਮਾਫ਼ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਉਨ੍ਹਾਂ ਜ਼ੋਰ ਦਿਤਾ ਕਿ ਕਈ ਕਿਸਾਨਾਂ ਨੇ ਕਰਜ਼ਾ ਨਹੀਂ ਲਿਆ ਸੀ, ਉਨ੍ਹਾਂ ਦਾ ਨਾਮ ਕਰਜ਼ਦਾਰਾਂ ਦੀ ਸੂਚੀ ਵਿਚ ਆਇਆ ਹੈ। ਕਰਨਾਟਕ ਵਿਚ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਅਤੇ ਕਥਿਤ ਖ਼ੁਦਕੁਸ਼ੀ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਉਨ੍ਹਾਂ ਦੋਸ਼ ਲਾਇਆ ਕਿ ਇਕ ਪਾਸੇ ਅਸਲ ਕਿਸਾਨਾਂ ਦੀ ਕਰਜ਼ਾਮਾਫ਼ੀ ਨਹੀਂ ਹੋ ਰਹੀ ਤਾਂ ਦੂਜੇ ਪਾਸੇ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਕਾਂਗਰਸ ਦੇ ਕਈ ਆਗੂਆਂ ਦੇ ਪਰਵਾਰਾਂ ਦੇ ਕਰਜ਼ੇ ਮਾਫ਼ ਕੀਤੇ ਗਏ ਹਨ। ਕਰਜ਼ਾਮਾਫ਼ੀ ਵਿਚ ਨਿਯਮਾਂ ਦੀ ਸਪੱਸ਼ਟ ਉਲੰਘਣਾ ਕੀਤੀ ਜਾ ਰਹੀ ਹੈ। ਅਜਿਹੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਗਏ ਹਨ ਜਿਨ੍ਹਾਂ ਕੋਲ 18 ਏਕੜ ਤਕ ਜ਼ਮੀਨ ਹੈ। ਉਨ੍ਹਾਂ ਕੁੱਝ ਕਿਸਾਨਾਂ ਦੇ ਨਾਵਾਂ ਸਮੇਤ ਮਿਸਾਲਾਂ ਵੀ ਦਿਤੀਆਂ। (ਏਜੰਸੀ)