
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੰਭ ਮੇਲੇ ਵਿਚ ਇਤਿਹਾਸ ਰਚਦਿਆਂ ਪੰਜ ਸਫ਼ਾਈ ਕਾਮਿਆਂ ਦੇ ਪੈਰ ਧੋਤੇ ਅਤੇ ਕੁੰਭ ਮੇਲੇ ਵਿਚ ਉਨ੍ਹਾਂ ਦੇ ਯੋਗਦਾਨ..........
ਪ੍ਰਯਾਗਰਾਜ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੰਭ ਮੇਲੇ ਵਿਚ ਇਤਿਹਾਸ ਰਚਦਿਆਂ ਪੰਜ ਸਫ਼ਾਈ ਕਾਮਿਆਂ ਦੇ ਪੈਰ ਧੋਤੇ ਅਤੇ ਕੁੰਭ ਮੇਲੇ ਵਿਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਦਾ ਸਨਮਾਨ ਕੀਤਾ। ਸੰਗਮ ਵਿਚ ਸ਼ਰਧਾ ਦੀ ਡੁਬਕੀ ਲਾਉਣ ਮਗਰੋਂ ਗੰਗਾ ਪੰਡਾਲ ਵਿਚ ਪੁੱਜੇ ਪ੍ਰਧਾਨ ਮੰਤਰੀ ਨੇ ਕਿਹਾ, 'ਅੱਜ ਜਿਨ੍ਹਾਂ ਸਫ਼ਾਈ ਕਾਮਿਆਂ ਦੇ ਪੈਰ ਧੋ ਕੇ ਮੈਂ ਅਰਦਾਸ ਕੀਤੀ ਹੈ, ਉਹ ਪਲ ਮੇਰੇ ਲਈ ਜੀਵਨ ਭਰ ਰਹੇਗਾ। ਉਨ੍ਹਾਂ ਦਾ ਆਸ਼ੀਰਵਾਦ, ਸਨੇਹ, ਤੁਹਾਡਾ ਸਾਰਿਆਂ ਦਾ ਧਨਵਾਦ, ਤੁਹਾਡਾ ਸਾਰਿਆਂ ਦਾ ਪਿਆਰ ਮੇਰੇ 'ਤੇ ਇੰਜ ਹੀ ਰਹੇ ਅਤੇ ਮੈਂ ਤੁਹਾਡੀ ਸੇਵਾ ਕਰਦਾ ਰਹਾਂ, ਇਹੋ ਮੇਰੀ ਕਾਮਨਾ ਹੈ।'
ਪ੍ਰਧਾਨ ਮੰਤਰੀ ਨੇ ਸਫ਼ਾਈ ਕਾਮਿਆਂ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ, 'ਕੁੰਭ ਨੂੰ ਸ਼ਾਨਦਾਰ ਬਣਾਉਣ ਵਿਚ ਤੁਸੀਂ ਕੋਈ ਕਸਰ ਨਹੀਂ ਛੱਡੀ। ਜਿਸ ਮੇਲਾ ਇਲਾਕੇ ਵਿਚ 20000 ਤੋਂ ਜ਼ਿਆਦਾ ਕੂੜੇਦਾਨ ਹੋਣ, ਇਕ ਲੱਖ ਤੋਂ ਵੱਧ ਪਖ਼ਾਨੇ ਹੋਣ, ਉਥੇ ਮੇਰੇ ਸਫ਼ਾਈ ਕਾਮੇ ਭਰਾਵਾਂ ਭੈਣਾਂ ਨੇ ਕਿਸ ਤਰ੍ਹਾਂ ਨਾਲ ਕੰਮ ਕੀਤਾ ਹੈ, ਉਸ ਦਾ ਅੰਦਾਜ਼ਾ ਕੋਈ ਨਹੀਂ ਲਾ ਸਕਦਾ।' ਮੋਦੀ ਨੇ ਕਿਹਾ, 'ਇਹੋ ਉਨ੍ਹਾਂ ਦੀ ਮਿਹਨਤ ਸੀ ਕਿ ਇਸ ਵਾਰ ਕੁੰਭ ਦੀ ਪਛਾਣ ਸਾਫ਼-ਸੁਥਰੇ ਕੁੰਭ ਵਜੋਂ ਹੋਈ। ਤੁਹਾਡੇ ਇਸ ਯੋਗਦਾਨ ਲਈ ਸਵੱਛ ਸੇਵਾ ਸਨਮਾਨ ਫ਼ੰਡ ਦਾ ਵੀ ਅੱਜ ਐਲਾਨ ਕੀਤਾ ਗਿਆ ਹੈ।
ਕੁੰਭ ਮੇਲੇ ਵਿਚ ਜਿਨ੍ਹਾਂ ਨੇ ਕੰਮ ਕੀਤਾ ਹੈ, ਇਸ ਫ਼ੰਡ ਨਾਲ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਵਾਰ ਨੂੰ ਵਿਸ਼ੇਸ਼ ਹਾਲਤਾਂ ਵਿਚ ਮਦਦ ਦਿਤੀ ਜਾਵੇਗੀ।' ਪ੍ਰਧਾਨ ਮੰਤਰੀ ਨੇ ਕੁੰਭ ਮੇਲੇ ਵਿਚ ਸ਼ਰਧਾਲੂਆਂ ਨੂੰ ਡੁੱਬਣ ਤੋਂ ਬਚਾਉਣ ਦੌਰਾਨ ਜਾਨ ਗਵਾਉਣ ਵਾਲੇ ਐਨਡੀਆਰਐਫ਼ ਦੇ ਰਾਜੇਂਦਰ ਗੌਤਮ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਪਰਵਾਰ ਲਈ ਹਮਦਰਦੀ ਪ੍ਰਗਟ ਕਰਦੇ ਹਨ।
ਤੋਹਫ਼ਿਆਂ ਦੀ ਨੀਲਾਮੀ ਤੋਂ ਮਿਲੀ ਰਾਸ਼ੀ ਗੰਗਾ ਲਈ ਵਰਤੀ ਜਾਵੇਗੀ : ਇਸ ਵੇਲੇ ਮੋਦੀ ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਜਿਹੜੇ ਵੀ ਦੇਸ਼ ਜਾਂ ਵਿਦੇਸ਼ ਵਿਚੋਂ ਤੋਹਫ਼ੇ ਮਿਲੇ ਹਨ, ਉਨ੍ਹਾਂ ਦੀ ਨੀਲਾਮੀ ਜਾਰੀ ਹੈ ਤੇ ਇਸ ਨੀਲਾਮੀ ਵਲੋਂ ਮਿਲਿਆ ਪੈਸਾ ਗੰਗਾ ਦੀ ਸਫ਼ਾਈ ਲਈ ਵਰਤਿਆ ਜਾਵੇਗਾ। ਉਨ੍ਹਾਂ ਤਸੱਲੀ ਜਾਹਰ ਕੀਤੀ ਕਿ ਇਸ ਵੇਲੇ ਦੇਸ਼ 'ਸਵੱਛਗਿਰੀ' ਵਲ ਵਧ ਰਿਹਾ ਹੈ ਕਿਉਂਕਿ ਲੋਕ ਲਗਾਤਾਰ ਅਪਣੇ ਘਰਾਂ 'ਚ ਸੌਚਾਲਏ ਬਣਵਾ ਰਹੇ ਹਨ। (ਏਜੰਸੀ)