
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ........
ਗੋਰਖਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅੰਦਰ ਕਿਸਾਨ ਦਾ ਭਲਾ ਕਰਨ ਦੀ ਨੀਅਤ ਨਹੀਂ ਸੀ। ਮੋਦੀ ਨੇ ਇਥੇ 75000 ਕਰੋੜ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਸਾਲਾਨਾ ਛੇ ਹਜ਼ਾਰ ਰੁਪਏ ਦੀ ਆਰਥਕ ਮਦਦ ਮਿਲੇਗੀ। ਉਨ੍ਹਾਂ ਕਿਹਾ, 'ਪਹਿਲੀਆਂ ਸਰਕਾਂਰਾਂ ਛੋਟੀਆਂ ਛੋਟੀਆਂ ਚੀਜ਼ਾਂ ਲਈ ਕਿਸਾਨਾਂ ਨੂੰ ਤਰਸਾਉਂਦੀਆਂ ਸਨ ਪਰ ਅਸੀਂ ਕਿਸਾਨਾਂ ਦੀ ਸਹੂਲਤ ਲਈ ਕੰਮ ਕੀਤਾ।
ਸਾਡੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨਾਂ ਨੂੰ ਹਰ ਉਹ ਸਾਧਨ ਦਿਤੇ ਜਾਣ ਜਿਸ ਨਾਲ ਉਹ ਅਪਣੀ ਆਮਦਨੀ ਨੂੰ ਦੁਗਣਾ ਕਰ ਸਕਣ।' ਪ੍ਰਧਾਨ ਮੰਤਰੀ ਨੇ 70000 ਕਰੋੜ ਰੁਪਏ ਦੀ ਇਸ ਯੋਜਨਾ ਤਹਿਤ ਇਕ ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿਚ ਅੱਜ 2000 ਰੁਪਏ ਦੀ ਪਹਿਲੀ ਕਿਸਤ ਪਾਈ। ਪ੍ਰਧਾਨ ਮੰਤਰੀ ਨੇ ਕਿਹਾ, 'ਸਾਰੇ ਮਹਾਮਿਲਾਵਟੀ ਲੋਕ ਇਕੋ ਜਿਹੇ ਹਨ। ਉਨ੍ਹਾਂ ਨੂੰ 10 ਸਾਲ ਵਿਚ ਇਕ ਵਾਰ ਕਿਸਾਨ ਯਾਦ ਆਉਂਦਾ ਹੈ ਅਤੇ ਕਰਜ਼ਾ ਮਾਫ਼ੀ ਦਾ ਬੁਖ਼ਾਰ ਚੜ੍ਹਨ ਲਗਦਾ ਹੈ, ਫਿਰ ਉਹ ਰਿਉੜੀਆਂ ਵੰਡ ਕੇ ਵੋਟਾਂ ਲੈ ਲੈਂਦੇ ਸਨ ਪਰ ਹੁਣ ਮੋਦੀ ਹੈ, ਇਨ੍ਹਾਂ ਦੀ ਪੋਲ ਖੋਲ੍ਹ ਕੇ ਰੱਖ ਦੇਵੇਗਾ।'
ਉਨ੍ਹਾਂ ਕਿਹਾ ਕਿ ਇਸ ਵੇਲੇ ਕੇਂਦਰ ਸਰਕਾਰ ਜਿੰਨਾ ਪੈਸਾ ਕਿਸਾਨ ਲਈ ਭੇਜਦੀ ਹੈ, ਉਹ ਪੂਰਾ ਪੈਸਾ ਉਸ ਦੇ ਖਾਤੇ ਵਿਚ ਪਹੁੰਚਦਾ ਹੈ। ਹੁਣ ਉਹ ਦਿਨ ਗਏ ਜਦ ਸਰਕਾਰ 100 ਪੈਸਾ ਭੇਜਦੀ ਸੀ ਤਾਂ ਵਿਚਾਲੇ ਹੀ 85 ਪੈਸੇ ਦਲਾਲ ਅਤੇ ਵਿਚੋਲੀਏ ਖਾ ਜਾਂਦੇ ਸਨ।' ਮੋਦੀ ਨੇ ਕਿਹਾ ਕਿ ਇਸ ਯੋਜਨਾ ਨੂੰ ਫ਼ੁਲਫ਼ਰੂਫ਼ ਬਣਾਇਆ ਗਿਆ ਹੈ ਤਾਕਿ ਕਿਸਾਨ ਦਾ ਅਧਿਕਾਰ ਕੋਈ ਖੋਹ ਨਾ ਸਕੇ।
ਉਨ੍ਹਾਂ ਕਿਹਾ ਕਿ ਜਿਹੜੇ ਪੈਸੇ ਕਿਸਾਨਾਂ ਨੂੰ ਦਿਤੇ ਜਾਣਗੇ, ਉਨ੍ਹਾਂ ਦਾ ਰੁਪਇਆ ਰੁਪਇਆ ਕੇਂਦਰ ਵਿਚ ਬੈਠੀ ਸਰਕਾਰ ਵਲੋਂ ਦਿਤਾ ਜਾਵੇਗਾ। ਇਸ ਵਿਚ ਰਾਜ ਸਰਕਾਰਾਂ ਨੇ ਕੁੱਝ ਨਹੀਂ ਕਰਨਾ। ਰਾਜ ਸਰਕਾਰ ਨੇ ਈਮਾਨਦਾਰੀ ਨਾਲ ਕਿਸਾਨਾਂ ਦੀ ਸੂਚੀ ਬਣਾ ਕੇ ਭੇਜਣੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਰਾਜ ਕਿਸਾਨਾਂ ਦੀ ਸੂਚੀ ਨਹੀਂ ਦੇਣਗੇ, ਉਨ੍ਹਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਉਥੋਂ ਦੇ ਕਿਸਾਨਾਂ ਦੀ ਬਦਦੁਆ ਉਨ੍ਹਾਂ ਦਾ ਰਾਜਸੀ ਕਰੀਅਰ ਬਰਬਾਦ ਕਰ ਕੇ ਰੱਖ ਦੇਵੇਗੀ। ਪ੍ਰਧਾਨ ਮੰਤਰੀ ਨੇ ਕਿਸਾਨਾਂ ਲਈ ਸ਼ੁਰੂ ਕੀਤੀਆਂ ਕਈ ਕੇਂਦਰੀ ਯੋਜਨਾਵਾਂ ਵੀ ਗਿਣਾਈਆਂ। (ਏਜੰਸੀ)