
ਸੀਬੀਐਸਈ ਨੂੰ ਭਲਕੇ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਕੀਤੀ ਬੇਨਤੀ
ਨਵੀਂ ਦਿੱਲੀ : ਦਿੱਲੀ ਵਿਖੇ ਪਿਛਲੇ ਕਈ ਦਿਨਾਂ ਤੋਂ ਜਾਰੀ ਰੋਸ ਪ੍ਰਦਰਸ਼ਨਾਂ ਦੇ ਹਿੰਸਕ ਰੁਖ ਅਖ਼ਤਿਆਰ ਕਰਨ ਤੋਂ ਬਾਅਦ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਖ਼ਾਤਰ ਉੱਤਰ ਪੂਰਬੀ ਦਿੱਲੀ ਵਿਚ ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਵੇਖਦੇ ਹੀ ਗੋਲੀ ਮਾਰਨ ਦੇ ਹੁਕਮ ਜਾਰੀ ਕਰ ਦਿਤੇ ਹਨ।
Photo
ਇਸ ਤੋਂ ਇਲਾਵਾ ਆਈਪੀਐਸ ਐਸਐਨ ਸ੍ਰੀਵਾਸਤਵ ਨੂੰ ਤੁਰਤ ਪ੍ਰਭਾਵ ਨਾਲ ਦਿੱਲੀ ਪੁਲਿਸ ਵਿਚ ਵਿਸ਼ੇਸ਼ ਕਮਿਸ਼ਨਰ (ਲਾਅ ਐਂਡ ਆਰਡਰ) ਨਿਯੁਕਤ ਕਰ ਦਿਤਾ ਗਿਆ ਹੈ। ਇਸੇ ਤਰ੍ਹਾਂ ਦਿੱਲੀ ਦੇ ਚਾਰ ਥਾਣਾ ਖੇਤਰਾਂ ਵਿਚ ਕਰਫਿਊ ਲਗਾ ਦਿਤਾ ਗਿਆ ਹੈ। ਇਨ੍ਹਾਂ ਵਿਚ ਚਾਂਦਬਾਗ, ਜ਼ਾਫ਼ਰਾਬਾਦ, ਮੌਜਪੁਰ ਅਤੇ ਕਰਾਵਲ ਨਗਰ ਆਦਿ ਇਲਾਕੇ ਸ਼ਾਮਲ ਹਨ।
Photo
ਇਸੇ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਦਸਿਆ ਕਿ ਹਿੰਸਾ ਪ੍ਰਭਾਵਿਤ ਉਤਰ ਪੂਰਬ ਜ਼ਿਲ੍ਹੇ ਵਿਚ ਕੱਲ੍ਹ ਵੀ ਸਕੂਲ ਬੰਦ ਰਹਿਣਗੇ। ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸਾਰੀਆਂ ਸਕੂਲੀ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿਤੀਆਂ ਗਈਆਂ ਹਨ। ਸੀਬੀਐਸਈ ਨੂੰ ਕੱਲ੍ਹ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ ਹੈ।
Photo
ਦੱਸ ਦਈਏ ਕਿ ਦਿੱਲੀ ਵਿਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋ ਰਹੇ ਰੋਸ ਪ੍ਰਦਰਸ਼ਨਾਂ ਨੇ ਅਚਾਨਕ ਹਿੰਸਕ ਰੁਖ ਅਖਤਿਆਰ ਕਰ ਲਿਆ ਹੈ। ਹਿੰਸਕ ਪ੍ਰਦਰਸ਼ਨਾਂ ਨਾਲ ਹੁਣ ਤਕ 10 ਦੇ ਕਰੀਬ ਵਿਅਕਤੀਆਂ ਨੂੰ ਜਾਨ ਤੋਂ ਹੱਥ ਧੋਣੇ ਪੈ ਗਏ ਹਨ। ਦਿੱਲੀ ਪੁਲਿਸ ਦਾ ਇਕ ਹੈਂਡ ਕਾਂਸਟੇਬਲ ਰਤਨ ਲਾਲ ਵੀ ਸ਼ਹੀਦ ਹੋ ਗਿਆ ਸੀ। ਹਿੰਸਾ ਕਾਰਨ 180 ਦੇ ਕਰੀਬ ਵਿਅਕਤੀ ਜ਼ਖ਼ਮੀ ਹੋਏ ਹਨ।
Photo
ਉਤਰ ਪੂਰਬੀ ਦਿੱਲੀ ਵਿਚ ਅੱਜ ਸਵੇਰ ਤੋਂ ਹੀ ਹਿੰਸਾ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਜਾਰੀ ਹਨ। ਮੋਜਪੁਰ, ਬਾਬਰਪੁਰ, ਜਾਫ਼ਰਾਬਾਦ, ਗੋਕਲਪੁਰੀ, ਬ੍ਰਿਜਪੁਰੀ ਸਮੇਤ ਕਈ ਇਲਾਕਿਆਂ ਅੰਦਰ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਦੀ ਤਾਇਨਾਤੀ ਕਰ ਦਿਤੀ ਗਈ ਹੈ।