
Kerala Family Murder Case: ਭਾਰੀ ਕਰਜ਼ੇ ’ਚ ਡੁੱਬੇ ਹੋਣ ਕਾਰਨ ਪਰਵਾਰ ਤੋਂ ਮੰਗੀ ਸੀ ਮਦਦ, ਇਨਕਾਰ ਕਰਨ ’ਤੇ ਕੀਤੀ ਵਾਰਦਾਤ
ਮੁਲਜ਼ਮ ਨੇ ਹਥੌੜੇ ਤੇ ਚਾਕੂ ਨਾਲ ਕੀਤਾ ਹਮਲਾ, ਜ਼ਹਿਰ ਖਾ ਕੇ ਥਾਣੇ ’ਚ ਕੀਤਾ ਆਤਮ ਸਮਰਪਣ
Kerala Family Murder Case: ਕੇਰਲ ਦੇ ਤਿਰੂਵਨੰਤਪੁਰਮ ਦੇ ਵੈਂਜਾਰਾਮੂਡੂ ’ਚ ਸੋਮਵਾਰ ਸ਼ਾਮ ਨੂੰ 23 ਸਾਲਾ ਨੌਜਵਾਨ ਨੇ 5 ਲੋਕਾਂ ਦੀ ਹਤਿਆ ਕਰ ਦਿੱਤੀ। ਮੁਲਜ਼ਮ ਨੇ ਚਾਕੂ ਅਤੇ ਹਥੌੜੇ ਨਾਲ ਆਪਣੀ ਪ੍ਰੇਮਿਕਾ, ਭਰਾ, ਦਾਦੀ, ਚਾਚਾ ਅਤੇ ਮਾਸੀ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ। ਇਸ ਤੋਂ ਬਾਅਦ ਦੋਸ਼ੀ ਨੇ ਮਾਂ ’ਤੇ ਹਮਲਾ ਕੀਤਾ ਅਤੇ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੇ ਪੂਰੀ ਯੋਜਨਾਬੰਦੀ ਨਾਲ ਤਿੰਨ ਵੱਖ-ਵੱਖ ਥਾਵਾਂ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਫਿਰ ਉਹ ਵੈਂਜਾਰਾਮੂਡੂ ਥਾਣੇ ਗਿਆ ਅਤੇ ਆਤਮ ਸਮਰਪਣ ਕਰ ਦਿੱਤਾ ਅਤੇ ਜੁਰਮ ਕਬੂਲ ਕਰ ਲਿਆ। ਦੋਸ਼ੀ ਨੇ ਥਾਣੇ ’ਚ ਦੱਸਿਆ ਕਿ ਉਸ ਨੇ ਆਪਣੀ ਪ੍ਰੇਮਿਕਾ ਸਮੇਤ 5 ਲੋਕਾਂ ਦਾ ਕਤਲ ਕੀਤਾ ਹੈ। ਦੋਸ਼ੀ ਦਾ ਨਾਂ ਅਫਾਨ ਹੈ।
ਪੁਲਿਸ ਨੇ ਹੁਣ ਤੱਕ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜਿਸ ਵਿੱਚ ਦੋਸ਼ੀ ਦਾ ਭਰਾ ਅਹਿਸਾਨ, ਦਾਦੀ ਸਲਮਾ ਬੀਵੀ, ਚਾਚਾ ਲਤੀਫ, ਚਾਚੀ ਸ਼ਾਹਿਦਾ ਅਤੇ ਉਸਦੀ ਪ੍ਰੇਮਿਕਾ ਫਰਸ਼ਾਨਾ ਸ਼ਾਮਲ ਹਨ। ਮੁਲਜ਼ਮਾਂ ਵਿਰੁਧ ਦੋ ਥਾਣਿਆਂ ਵਿੱਚ ਤਿੰਨ ਕੇਸ ਦਰਜ ਹਨ। ਪੁਲਿਸ ਨੇ ਕਿਹਾ ਕਿ ਨੌਜਵਾਨ ਕਰਜ਼ੇ ’ਚ ਡੁੱਬਿਆ ਹੋਇਆ ਸੀ ਅਤੇ ਪਰਵਾਰ ਨੇ ਪੈਸ ਦੇਣ ਤੋਂ ਇਨਕਾਰ ਕਰ ਦਿਤਾ ਸੀ। ਇਸੇ ਕਾਰਨ ਨੌਜਵਾਨ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਖਾੜੀ ’ਚ ਕਾਰੋਬਾਰ ਕਰਦਾ ਸੀ ਪਰ ਉਥੇ ਉਸ ਦਾ ਕਾਫੀ ਨੁਕਸਾਨ ਹੋਇਆ। ਇਸ ਕਾਰਨ ਉਸ ਨੇ ਕਾਫੀ ਕਰਜ਼ਾ ਚੁੱਕ ਲਿਆ ਸੀ ਪਰ ਪਰਵਾਰ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ, ਇਸ ਲਈ ਉਸ ਨੇ ਸਾਰਿਆਂ ਦਾ ਕਤਲ ਕਰ ਦਿੱਤਾ। ਹਾਲਾਂਕਿ ਮੁਲਜ਼ਮ ਦੇ ਕਹਿਣ ’ਤੇ ਪੁਲਿਸ ਨੂੰ ਸ਼ੱਕ ਹੈ। ਹੁਣ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਫਾਨ ਦੇ ਮੋਬਾਈਲ ਫੋਨ ਅਤੇ ਕਾਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ।
ਦੋਸ਼ੀ ਅਫਾਨ ਨੇ ਆਪਣੀ ਮਾਂ ਸ਼ੇਮੀ (47 ਸਾਲ) ’ਤੇ ਵੀ ਹਮਲਾ ਕੀਤਾ ਜਿਸ ਤੋਂ ਬਾਅਦ ਉਸ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਫਿਲਹਾਲ ਉਹ ਮੈਡੀਕਲ ਕਾਲਜ ਹਸਪਤਾਲ, ਤਿਰੂਵਨੰਤਪੁਰਮ ਦੇ ਆਈਸੀਯੂ ਵਿਚ ਦਾਖ਼ਲ ਹੈ। ਇਸ ਦੇ ਨਾਲ ਹੀ ਅਫਾਨ ਨੂੰ ਵੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਉਸ ਨੇ ਪੁਲਿਸ ਨੂੰ ਦਸਿਆ ਸੀ ਕਿ ਉਸ ਨੇ ਚੂਹੇ ਦਾ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।