
ਭਾਰਤ ਵਿਚ ਵਿਦੇਸ਼ੀ ਨਾਗਰਿਕਾਂ ਸਣੇ ਕੋਰੋਨਾ ਵਾਇਰਸ ਮਹਾਮਾਰੀ ਤੋਂ ਪੀੜਤ ਲੋਕਾਂ ਦੀ ਗਿਣਤੀ ਸ਼ੁਕਰਵਾਰ ਨੂੰ ਵੱਧ ਕੇ 23,452 ਹੋ ਗਈ।
ਨਵੀਂ ਦਿੱਲੀ, 24 ਅਪ੍ਰੈਲ: ਭਾਰਤ ਵਿਚ ਵਿਦੇਸ਼ੀ ਨਾਗਰਿਕਾਂ ਸਣੇ ਕੋਰੋਨਾ ਵਾਇਰਸ ਮਹਾਮਾਰੀ ਤੋਂ ਪੀੜਤ ਲੋਕਾਂ ਦੀ ਗਿਣਤੀ ਸ਼ੁਕਰਵਾਰ ਨੂੰ ਵੱਧ ਕੇ 23,452 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਦੇਸ਼ ਵਿਚ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 723 ਹੋ ਗਈ ਹੈ। ਉਨ੍ਹਾਂ ਦਸਿਆ ਕਿ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ ਰੀਕਾਰਡ 1752 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 37 ਜਣਿਆਂ ਦੀ ਮੌਤ ਹੋਈ ਹੈ। ਹੁਣ ਤਕ ਇਕ ਦਿਨ ਦੇ ਸੱਭ ਤੋਂ ਵੱਧ ਮਾਮਲੇ 20 ਅਪ੍ਰੈਲ ਨੂੰ 1540 ਸਾਹਮਣੇ ਆਏ ਸਨ।
ਇਸੇ ਦੌਰਾਨ 491 ਲੋਕ ਠੀਕ ਹੋਏ ਹਨ ਤੇ ਅਜਿਹੇ ਕੁਲ ਲੋਕਾਂ ਦੀ ਗਿਣਤੀ 4813 ਹੋ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਇਹ ਮਹਾਮਾਰੀ ਦੇਸ਼ ਦੇ 33 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਫੈਲ ਚੁੱਕੀ ਹੈ। ਸੱਭ ਤੋਂ ਬੁਰੇ ਹਾਲਾਤ ਮਹਾਰਾਸ਼ਟਰ ਵਿਚ ਹਨ ਜਿਥੇ 283 ਮੌਤਾਂ ਹੋ ਚੁਕੀਆਂ ਹਨ। ਮੱਧ ਪ੍ਰਦੇਸ਼ ਵਿਚ ਇਹ ਗਿਣਤੀ 83 ਹੈ।
File photo
ਪ੍ਰੈਸ ਕਾਨਫ਼ਰੰਸ ਵਿਚ ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀ ਕੇ ਪਾਲ ਨੇ ਕਿਹਾ, ‘ਸਾਡਾ ਵਿਸ਼ਲੇਸ਼ਣ ਵਿਖਾਉਂਦਾ ਹੈ ਕਿ ਤਾਲਾਬੰਦੀ ਸਦਕਾ ਕੋਰੋਨਾ ਵਾਇਰਸ ਦੇ ਕੇਸ ਦੁਗਣੇ ਹੋਣ ਦੀ ਦਰ ਵਿਚ ਕਮੀ ਆਈ ਹੈ ਅਤੇ ਜ਼ਿੰਦਗੀਆਂ ਬਚੀਆਂ ਹਨ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦਾ ਫ਼ੈਸਲਾ ਸਹੀ ਸਮੇਂ ਕੀਤਾ ਗਿਆ ਜਿਸ ਕਾਰਨ ਦੇਸ਼ ਵਿਚ ਕੋਰੋਨਾ ਦੇ ਹਾਲੇ 23000 ਮਾਮਲੇ ਹਨ, ਨਹੀਂ ਤਾਂ ਅੱਜ ਇਹ ਗਿਣਤੀ ਇਕ ਲੱਖ ਹੁੰਦੀ।
ਉਨ੍ਹਾਂ ਨਾਲ ਬੈਠੇ ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਦੇ ਡਾਇਰੈਕਟਰ ਡਾ. ਸੁਜੀਤ ਸਿੰਘ ਨੇ ਕਿਹਾ, ‘ਅੱਜ ਕੇਸ ਦੁਗਣੇ ਹੋਣ ਦਾ ਸਮਾਂ 9 ਦਿਨ ਰਹਿ ਗਿਆ ਹੈ ਜੋ ਵਿਖਾਉਂਦਾ ਹੈ ਕਿ ਮਹਾਮਾਰੀ ਤੇਜ਼ ਗਤੀ ਨਾਲ ਫੈਲ ਰਹੀ ਸੀ ਪਰ ਹੁਣ ਕਾਫ਼ੀ ਹੱਦ ਤਕ ਠੱਲ੍ਹ ਪਈ ਹੈ।’ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ਵਿਚ ਪਿਛਲੇ 28 ਦਿਨਾਂ ਤੋਂ ਜਿਹੜੇ ਜ਼ਿਲਿ੍ਹਆਂ ਵਿਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ, ਉਨ੍ਹਾਂ ਦੀ ਗਿਣਤੀ ਵੀ ਵੱਧ ਕੇ 15 ਹੋ ਗਈ ਹੈ ਜਦਕਿ ਦੇਸ਼ ਵਿਚ 80 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿਚ ਪਿਛਲੇ 14 ਦਿਨਾਂ ਵਿਚ ਕੋਈ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ। (ਏਜੰਸੀ)