
Pakistan detained BSF jawan: ਕਿਹਾ, ਫ਼ੌਜ ’ਤੇ ਪੂਰਾ ਭਰੋਸਾ, ਜਲਦ ਹੋਵੇਗੀ ਬੇਟੇ ਦੀ ਸੁਰੱਖਿਅਤ ਰਿਹਾਈ
ਬੇਟੇ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਪਰਵਾਰ
Pakistan detained BSF jawan: ਬੀਤੇ ਦਿਨੀ ਪਾਕਿਸਤਾਨ ਰੇਂਜਰਾਂ ਦੁਆਰਾ ਪੰਜਾਬ ਵਿੱਚ ਗ਼ਲਤੀ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਤੋਂ ਬਾਅਦ ਹਿਰਾਸਤ ਵਿੱਚ ਲਏ ਗਏ ਬੀਐਸਐਫ਼ ਜਵਾਨ ਪੀ ਕੇ ਸਾਹੂ ਦੇ ਪਿਤਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਪਰਵਾਰ ਬੇਸਬਰੀ ਨਾਲ ਉਸਦੀ ਵਾਪਸੀ ਦੀ ਉਡੀਕ ਕਰ ਰਿਹਾ ਹੈ। ਹਿਰਾਸਤ ਵਿੱਚ ਲਏ ਗਏ ਜਵਾਨ ਦੇ ਪਿਤਾ ਭੋਲਾਨਾਥ ਸਾਹੂ ਨੇ ਕਿਹਾ ਕਿ ਉਸਦੇ ਪੁੱਤਰ ਦੇ ਬਟਾਲੀਅਨ ਕਮਾਂਡਿੰਗ ਅਫ਼ਸਰ ਨੇ ਵੀਰਵਾਰ ਰਾਤ ਨੂੰ ਉਸਨੂੰ ਫ਼ੋਨ ਕਰ ਕੇ ਦੱਸਿਆ ਕਿ ਉਸਦੇ ਪੁੱਤਰ ਦੀ ਸੁਰੱਖਿਅਤ ਰਿਹਾਈ ਲਈ ਬੀਐਸਐਫ਼ ਅਤੇ ਪਾਕਿ ਰੇਂਜਰਾਂ ਦੇ ਅਧਿਕਾਰੀਆਂ ਵਿਚਕਾਰ ‘ਫ਼ਲੈਗ ਮੀਟਿੰਗ’ ਹੋ ਰਹੀ ਹੈ।
ਸਾਹੂ ਨੇ ਕਿਹਾ, ‘‘ਮੇਰਾ ਪੁੱਤਰ ਦੇਸ਼ ਦੀ ਸੇਵਾ ਕਰ ਰਿਹਾ ਹੈ ਅਤੇ ਮੈਨੂੰ ਯਕੀਨ ਹੈ ਕਿ ਉਸਦੀ ਸੁਰੱਖਿਅਤ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।’’
ਸਾਹੂ ਨੇ ਕਿਹਾ, ‘‘ਮੈਨੂੰ ਅਜੇ ਤੱਕ ਮੇਰੇ ਪੁੱਤਰ ਦੇ ਠਿਕਾਣੇ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ।’’ ਉਸਨੇ ਕਿਹਾ ਕਿ ਉਸਦਾ ਪੁੱਤਰ ਹੋਲੀ ਲਈ ਘਰ ਆਇਆ ਸੀ ਅਤੇ ਲਗਭਗ ਤਿੰਨ ਹਫ਼ਤੇ ਪਹਿਲਾਂ ਕੰਮ ’ਤੇ ਵਾਪਸ ਚਲਾ ਗਿਆ ਸੀ।
ਪੰਜਾਬ ਦੀ ਫ਼ਿਰੋਜ਼ਪੁਰ ਸਰਹੱਦ ’ਤੇ ਬੀਐਸਐਫ਼ ਦੀ 182ਵੀਂ ਬਟਾਲੀਅਨ ਵਿਚ ਤਾਇਨਾਤ ਸਾਹੂ ਨੂੰ ਬੁੱਧਵਾਰ ਨੂੰ ਪਾਕਿਸਤਾਨ ਰੇਂਜਰਾਂ ਨੇ ਹਿਰਾਸਤ ’ਚ ਲੈ ਲਿਆ। ਅਧਿਕਾਰਤ ਸੂਤਰਾਂ ਅਨੁਸਾਰ, ਘਟਨਾ ਸਮੇਂ ਜਵਾਨ ਵਰਦੀ ਵਿੱਚ ਸੀ ਅਤੇ ਉਸ ਕੋਲ ਸਰਵਿਸ ਰਾਈਫ਼ਲ ਸੀ। ਹੁਗਲੀ ਦੇ ਰਿਸ਼ਰਾ ਦੇ ਹਰੀਸਭਾ ਇਲਾਕੇ ਦਾ ਰਹਿਣ ਵਾਲਾ ਸਾਹੂ, ਕਥਿਤ ਤੌਰ ’ਤੇ ਸਰਹੱਦ ਦੇ ਨੇੜੇ ਕਿਸਾਨਾਂ ਦੇ ਇੱਕ ਸਮੂਹ ਨਾਲ ਸੀ ਜਦੋਂ ਉਹ ਇੱਕ ਦਰੱਖਤ ਹੇਠਾਂ ਆਰਾਮ ਕਰਨ ਲਈ ਅੱਗੇ ਵਧਿਆ ਅਤੇ ਅਣਜਾਣੇ ਵਿੱਚ ਪਾਕਿਸਤਾਨੀ ਖੇਤਰ ’ਚ ਦਾਖ਼ਲ ਹੋ ਗਿਆ, ਜਿੱਥੇ ਉਸਨੂੰ ਫੜ ਲਿਆ ਗਿਆ।
ਬੀਐਸਐਫ਼ ਜਵਾਨ ਦੀ ਪਤਨੀ ਰਜਨੀ, ਜੋ ਆਪਣੇ ਸੱਤ ਸਾਲਾ ਪੁੱਤਰ ਅਤੇ ਸਾਹੂ ਦੇ ਮਾਪਿਆਂ ਨਾਲ ਰਿਸ਼ਰਾ ਵਿੱਚ ਰਹਿੰਦੀ ਹੈ, ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਤੋਂ ਹੀ ਬੇਚੈਨ ਹੈ। ਰਜਨੀ ਨੇ ਕਿਹਾ ਕਿ ਉਸਨੇ ਆਖ਼ਰੀ ਵਾਰ ਮੰਗਲਵਾਰ ਰਾਤ ਨੂੰ ਆਪਣੇ ਪਤੀ ਨਾਲ ਗੱਲ ਕੀਤੀ ਸੀ, ਅਤੇ ਕਿਹਾ ਕਿ ਪਰਵਾਰ ਚਾਹੁੰਦਾ ਹੈ ਕਿ ਉਹ ਜਲਦੀ ਤੋਂ ਜਲਦੀ ਵਾਪਸ ਆ ਜਾਵੇ।
(For more news apart from BSF Latest News, stay tuned to Rozana Spokesman)