
ਅਤਿਵਾਦ ਨਾਲ ਸਿੱਝਣ ਲਈ ਵਿਸ਼ਵ ਪੱਧਰ 'ਤੇ ਮਿਲ ਕੇ ਕਾਰਵਾਈ ਕਰਨ 'ਤੇ ਜ਼ੋਰ ਦਿੰਦਿਆਂ ਭਾਰਤ ਤੇ ਨੀਦਰਲੈਂਡ ਨੇ ਅੱਜ ਸਾਰੇ ਦੇਸ਼ਾਂ ਨੂੰ ਕਿਹਾ ਕਿ ਉਹ ਅਤਿਵਾਦੀ ...
ਅਤਿਵਾਦ ਨਾਲ ਸਿੱਝਣ ਲਈ ਵਿਸ਼ਵ ਪੱਧਰ 'ਤੇ ਮਿਲ ਕੇ ਕਾਰਵਾਈ ਕਰਨ 'ਤੇ ਜ਼ੋਰ ਦਿੰਦਿਆਂ ਭਾਰਤ ਤੇ ਨੀਦਰਲੈਂਡ ਨੇ ਅੱਜ ਸਾਰੇ ਦੇਸ਼ਾਂ ਨੂੰ ਕਿਹਾ ਕਿ ਉਹ ਅਤਿਵਾਦੀ ਨੈਟਵਰਕ ਦੀਆਂ ਜੜ੍ਹਾਂ ਉਖਾੜ ਦੇਣ। ਭਾਰਤ ਅਤੇ ਨੀਦਰਲੈਂਡ ਵਿਚਕਾਰ ਆਰਥਕ ਅਤੇ ਰਾਜਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਵਿਚਕਾਰ ਅੱਜ ਗੱਲਬਾਤ ਹੋਈ। ਦੋਹਾਂ ਆਗੂਆਂ ਨੇ ਹੈਦਰਾਬਾਦ ਹਾਊਸ ਵਿਚ ਸੀਈਓ ਕਾਨਫ਼ਰੰਸ ਵਿਚ ਹਿੱਸਾ ਲਿਆ।
ਕਾਨਫ਼ਰੰਸ ਮਗਰੋਂ ਭਾਰਤ ਅਤੇ ਨੀਦਰਲੈਂਡ ਵਿਚਕਾਰ ਕਈ ਸਮਝੌਤਿਆਂ 'ਤੇ ਹਸਤਾਖਰ ਹੋਏ। ਬਾਅਦ ਵਿਚ ਸਾਂਝਾ ਬਿਆਨ ਜਾਰੀ ਕੀਤਾ ਗਿਆ। ਦੋਹਾਂ ਆਗੂਆਂ ਨੇ ਕਿਹਾ ਕਿ ਅਤਿਵਾਦ ਦਾ ਕਿਸੇ ਵੀ ਆਧਾਰ 'ਤੇ ਬਚਾਅ ਨਹੀਂ ਕੀਤਾ ਜਾ ਸਕਦਾ। ਮੋਦੀ ਨੇ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ ਵਿਚ ਨੀਦਰਲੈਂਡ ਅਹਿਮ ਭਾਈਵਾਲ ਹੈ। ਇਸ ਤੋਂ ਪਹਿਲਾਂ ਮੋਦੀ ਨੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਦਾ ਭਾਰਤ ਵਿਚ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਵਜੋਂ ਰੂਟ ਦਾ ਦੂਜਾ ਭਾਰਤ ਦੌਰਾ ਹੈ। ਉਹ ਦੋ ਦਿਨਾ ਦੌਰੇ 'ਤੇ ਭਾਰਤ ਆਏ ਹਨ। ਉਨ੍ਹਾਂ ਨਾਲ ਵੱਡਾ ਕਾਰੋਬਾਰੀ ਵਫ਼ਦ ਵੀ ਆਇਆ ਹੈ। ਇਸ ਤੋਂ ਪਹਿਲਾਂ ਰੂਟ ਜੂਨ 2015 ਵਿਚ ਭਾਰਤ ਆਏ ਸਨ। ਪ੍ਰਧਾਨ ਮੰਤਰੀ ਮੋਦੀ ਦੇ ਪਿਛਲੇ ਸਾਲ ਜੂਨ ਵਿਚ ਨੀਦਰਲੈਂਡ ਦੇ ਦੌਰੇ ਤੋਂ ਇਕ ਸਾਲ ਅੰਦਰ ਰੂਟ ਭਾਰਤ ਦੌਰੇ 'ਤੇ ਆਏ ਹਨ। ਨੀਦਰਲੈਂਡ ਭਾਰਤ ਦੇ ਵੱਖ ਵੱਖ ਖੇਤਰਾਂ ਵਿਚ ਨਿਵੇਸ਼ ਕਰਨ ਵਾਲਾ ਚੌਥਾ ਸੱਭ ਤੋਂ ਵੱਡਾ ਨਿਵੇਸ਼ਕ ਹੈ। ਭਾਰਤ ਅਤੇ ਨੀਦਰਲੈਂਡ ਵਿਚਕਾਰ 5.39 ਅਰਬ ਡਾਲਰ ਦਾ ਦੁਵੱਲਾ ਵਪਾਰ ਹੁੰਦਾ ਹੈ। (ਏਜੰਸੀ)