
ਕੇਰਲਾ ਵਿਚ ਨਿਪਾਹ ਵਿਸ਼ਾਣੂ ਤੋਂ ਪ੍ਰਭਾਵਤ ਇਕ ਹੋਰ ਵਿਅਕਤੀ ਦੀ ਅੱਜ ਮੌਤ ਹੋ ਗਈ। ਰਾਜ ਵਿਚ ਇਸ ਖ਼ਤਰਨਾਕ ...
ਕੇਰਲਾ ਵਿਚ ਨਿਪਾਹ ਵਿਸ਼ਾਣੂ ਤੋਂ ਪ੍ਰਭਾਵਤ ਇਕ ਹੋਰ ਵਿਅਕਤੀ ਦੀ ਅੱਜ ਮੌਤ ਹੋ ਗਈ। ਰਾਜ ਵਿਚ ਇਸ ਖ਼ਤਰਨਾਕ ਵਿਸ਼ਾਣੂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ। ਉਧਰ, ਨਿਪਾਹ ਵਿਸ਼ਾਣੂ ਗੁਆਂਢੀ ਕਰਨਾਟਕ ਵਿਚ ਪਹੁੰਚ ਗਿਆ ਲਗਦਾ ਹੈ। ਇਥੇ ਅੱਜ ਨਿਪਾਹ ਦੇ ਦੋ ਸ਼ੱਕੀ ਮਰੀਜ਼ ਮਿਲੇ ਹਨ। ਡਾਕਟਰਾਂ ਮੁਤਾਬਕ ਮਰੀਜ਼ਾਂ ਦੇ ਖ਼ੂਨ ਦੇ ਸੈਂਪਲ ਲੈ ਲਏ ਗਏ ਹਨ ਅਤੇ ਰੀਪੋਰਟ ਆਉਣ ਮਗਰੋਂ ਪਤਾ ਚੱਲ ਜਾਵੇਗਾ।
ਕੋਝੀਕੋਡ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜੈਸ੍ਰੀ ਈ ਨੇ ਪੱਤਰਕਾਰਾਂ ਨੂੰ ਦਸਿਆ ਕਿ ਮ੍ਰਿਤਕ ਦੀ ਪਛਾਣ 61 ਸਾਲਾ ਵੀ ਮੁਕਤਾ ਵਜੋਂ ਹੋਈ ਹੈ। ਉਹ ਪਿਛਲੇ ਕੁੱਝ ਦਿਨਾਂ ਤੋਂ ਨਿਜੀ ਹਸਪਤਾਲ ਵਿਚ ਜੀਵਨ ਅਤੇ ਮੌਤ ਦੀ ਲੜਾਈ ਲੜ ਰਹੇ ਸਨ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਸੀ। ਉਨ੍ਹਾਂ ਦਸਿਆ ਕਿ ਕਰੀਬ 160 ਨਮੂਨਿਆਂ ਨੂੰ ਜਾਂਚ ਲਈ ਭੇਜਿਆ ਗਿਆ ਹੈ
ਅਤੇ 13 ਮਾਮਲਿਆਂ ਵਿਚ ਇਸ ਵਿਸ਼ਾਣੂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 11 ਜਣਿਆਂ ਦੀ ਮੌਤ ਹੋ ਚੁੱਕੀ ਹੈ। ਮੁਕਤਾ ਪਰਵਾਰ ਵਿਚ ਇਹ ਚੌਥੀ ਮੌਤ ਹੈ। ਇਸ ਤੋਂ ਪਹਿਲਾਂ ਮੁਕਤਾ ਦੇ ਬੇਟਿਆਂ ਮੁਹੰਮਦ ਸਲੇਹ, ਮੁਹੰਮਦ ਸਾਦਿਕ ਅਤੇ ਉਸ ਦੀ ਰਿਸ਼ਤੇਦਾਰ ਮਰਿਅੰਮਾ ਦੀ ਮੌਤ ਹੋ ਚੁੱਕੀ ਹੈ। (ਏਜੰਸੀ)