
ਵਿਗਿਆਨੀਆਂ ਨੇ ਇਕ ਅਧਿਐਨ ਦੌਰਾਨ ਕੀਤਾ ਵੱਡਾ ਦਾਅਵਾ
ਨਵੀਂ ਦਿੱਲੀ, 24 ਮਈ : ਵਿਗਿਆਨੀਆਂ ਨੇ ਅਪਣੇ ਇਕ ਅਧਿਐਨ ਵਿਚ ਉਸ ਤਰੀਕ ਦਾ ਐਲਾਨ ਕਰ ਦਿਤਾ ਹੈ, ਜਿਸ ਤੋਂ ਬਾਅਦ ਕੁੱਝ ਦੇਸ਼ਾਂ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਸਿੰਗਾਪੁਰ ਦੇ ਕੁੱਝ ਖੋਜਕਰਤਾਵਾਂ ਨੇ ਕਿਹਾ ਹੈ ਕਿ 30 ਸਤੰਬਰ ਤੋਂ ਬਾਅਦ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦਾ ਪੂਰੀ ਤਰ੍ਹਾਂ ਖ਼ਾਤਮਾ ਹੋ ਜਾਵੇਗਾ।
ਸਿੰਗਾਪੁਰ ਯੂਨੀਵਰਸਿਟੀ ਆਫ਼ ਟੈਕਨਾਲੋਜੀ ਐਂਡ ਡਿਜ਼ਾਈਨ ਨੇ ਅਪਣੇ ਕੁੱਝ ਗਣਿਤਿਕ ਮਾਡਲਿੰਗ ਦੁਆਰਾ ਤਰੀਕ ਦਾ ਐਲਾਨ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਅਗਲੇ 4 ਮਹੀਨਿਆਂ ਵਿਚ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦਾ ਪੂਰੀ ਤਰ੍ਹਾਂ ਖ਼ਾਤਮਾ ਹੋ ਜਾਵੇਗਾ। ਵਿਗਿਆਨੀਆਂ ਦੀ ਟੀਮ ਨੇ 7 ਮਈ ਦੀ ਤਰੀਕ ਨੂੰ ਮੁਲਾਂਕਣ ਕੀਤਾ ਹੈ। ਉਸ ਸਮੇਂ ਤਕ, ਬ੍ਰਿਟੇਨ ਵਿਚ ਕੋਰੋਨਾ ਵਾਇਰਸ ਕਾਰਨ 30,000 ਲੋਕਾਂ ਦੀ ਮੌਤ ਹੋ ਚੁੱਕੀ ਸੀ।
File photo
ਇਸ ਤੋਂ ਬਾਅਦ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਕੁੱਝ ਹੋਰ ਦੇਸ਼ਾਂ ਵਿਚ ਵੀ ਵਾਇਰਸ ਦੀ ਲਾਗ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਵਿਗਿਆਨੀਆਂ ਨੇ ਦਸਿਆ ਹੈ ਕਿ 24 ਅਕਤੂਬਰ ਤਕ ਇਟਲੀ ਵਿਚ ਕੋਰੋਨਾ ਵਾਇਰਸ ਦਾ ਪੂਰੀ ਤਰ੍ਹਾਂ ਖ਼ਾਤਮਾ ਹੋ ਜਾਵੇਗਾ। ਵਾਇਰਸ 11 ਨਵੰਬਰ ਤਕ ਅਮਰੀਕਾ ਵਿਚ ਖ਼ਤਮ ਹੋ ਜਾਵੇਗਾ, ਇਸੇ ਤਰ੍ਹਾਂ ਸਿੰਗਾਪੁਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ 27 ਅਕਤੂਬਰ ਤਕ ਖ਼ਤਮ ਹੋ ਜਾਵੇਗਾ।
ਹਾਲਾਂਕਿ ਭਵਿੱਖਬਾਣੀ ਤੋਂ ਬਾਅਦ ਵੀ ਵਿਗਿਆਨੀਆਂ ਨੇ ਲੋਕਾਂ ਨੂੰ ਮਹਾਂਮਾਰੀ ਬਾਰੇ ਸਾਵਧਾਨ ਰਹਿਣ ਲਈ ਕਿਹਾ ਹੈ ਕਿਉਂਕਿ ਭਵਿੱਖਬਾਣੀ ਨੂੰ ਲੈ ਕੇ ਕੁਦਰਤੀ ਅਨਿਸ਼ਚਿਤਤਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੁੱਝ ਮਾਮਲਿਆਂ ਵਿਚ ਵਾਇਰਸ ਦੇ ਖ਼ਾਤਮੇ ਦੀ ਮਿਤੀ ਦਸਣਾ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਇਹ ਲੋਕਾਂ ਨੂੰ ਲਾਪਰਵਾਹ ਬਣਾ ਸਕਦੇ ਹਨ। ਉਹ ਵਾਇਰਸ ਦੀ ਲਾਗ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਰੋਕ ਸਕਦੇ ਹਨ,
ਜਿਸ ਕਾਰਨ ਹਾਲਾਤ ਮੁਸ਼ਕਲ ਹੋ ਸਕਦੇ ਹਨ। ਇਸ ਦੌਰਾਨ ਕੁੱਝ ਮਾਹਰਾਂ ਨੇ ਕਿਹਾ ਹੈ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਜੂਨ ਦੇ ਮਹੀਨੇ ਵਿਚ ਰੁਕ ਜਾਣਗੀਆਂ। 'ਦਿ ਸਨ' ਦੀ ਇਕ ਰਿਪੋਰਟ ਅਨੁਸਾਰ ਸੈਂਟਰ ਫ਼ਾਰ ਈਵਡੈਂਸ ਬੇਸਡ ਮੈਡੀਸਨ ਦੇ ਇਕ ਪ੍ਰੋਫ਼ੈਸਰ ਨੇ ਕਿਹਾ ਹੈ ਕਿ ਜੇ ਲਾਗ ਅਤੇ ਮੌਤ ਦਾ ਇਹ ਰੁਝਾਨ ਜਾਰੀ ਰਿਹਾ ਤਾਂ ਜੂਨ ਦੇ ਅੰਤ ਤਕ ਸਾਨੂੰ ਬਿਮਾਰੀ ਦੇ ਪੀੜਤਾਂ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਵੇਗਾ। (ਏਜੰਸੀ)
ਬੁਢਾਪਾ, ਮਰਦ ਅਤੇ ਬੀਮਾਰੀਆਂ ਮੌਤ ਦੇ ਮੁੱਖ ਕਾਰਨ
ਵਿਗਿਆਨੀਆਂ ਵਲੋਂ 43 ਹਜ਼ਾਰ ਕੋਰੋਨਾ ਮਰੀਜ਼ਾਂ 'ਤੇ ਕੀਤਾ ਗਿਆ ਅਧਿਐਨ
ਲੰਦਨ, 24 ਮਈ : ਕੋਰੋਨਾ ਵਾਇਰਸ ਲਾਗ ਨਾਲ ਹੋਣ ਵਾਲੀਆਂ ਮੌਤਾਂ ਵਿਚ ਉਮਰ, ਵਿਅਕਤੀ ਦਾ ਪੁਰਸ਼ ਹੋਣਾ ਅਤੇ ਪਹਿਲਾਂ ਤੋਂ ਸ਼ੂਗਰ, ਸਾਹ ਅਤੇ ਫੇਫੜੇ ਸਬੰਧੀ ਬੀਮਾਰੀ ਅਤੇ ਹੋਰ ਗੰਭੀਰ ਬੀਮਾਰੀਆਂ ਤੋਂ ਗ੍ਰਸਤ ਹੋਣਾ ਅਹਿਮ ਕਾਰਨਾਂ ਵਜੋਂ ਸਾਹਮਣੇ ਆਏ ਹਨ। ਤਾਜ਼ਾ ਅਧਿਐਨ ਮੁਤਾਬਕ 50 ਸਾਲ ਤੋਂ ਵੱਧ ਉਮਰ ਦੇ ਪ੍ਰੌੜ, ਮਰਦ, ਮੋਟਾਪਾ, ਦਿਲ ਦੇ ਰੋਗ, ਫੇਫੜਾ, ਲੀਵਰ ਅਤੇ ਕਿਡਨੀ ਨਾਲ ਸਬੰਧਤ ਬੀਮਾਰੀਆਂ ਤੋਂ ਗ੍ਰਸਤ ਲੋਕਾਂ ਨੂੰ ਕੋਰੋਨਾ ਵਾਇਰਸ ਲਾਗ ਤੋਂ ਮੌਤ ਦਾ ਖ਼ਤਰਾ ਜ਼ਿਆਦਾ ਹੈ।
ਹੁਣ ਤਕ ਇਸ ਸਬੰਧ ਵਿਚ ਕੀਤੇ ਗਏ ਸੱਭ ਤੋਂ ਵੱਡੇ ਅਧਿਐਨ ਵਿਚ ਬ੍ਰਿਟੇਨ ਦੀ ਲਿਵਰਪੂਲ ਯੂਨੀਵਰਸਿਟੀ ਦੇ ਵਿਗਿਆਨੀਆਂ ਸਣੇ ਹੋਰਾਂ ਨੇ ਇੰਗਲੈਂਡ ਵਿਚ ਹਸਪਤਾਲ ਵਿਚ ਦਾਖ਼ਲ ਕੋਵਿਡ-19 ਮਰੀਜ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਅਧਿਐਨ ਛਪਣ ਤਕ ਇਸ ਵਿਚ 43000 ਤੋਂ ਵੀ ਵੱਧ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਛੇ ਫ਼ਰਵਰੀ ਤੋਂ 19 ਅਪ੍ਰੈਲ ਵਿਚਾਲੇ ਇੰਗਲੈਂਡ, ਵੇਲਜ਼ ਅਤੇ ਸਕਾਟਲੈਂਡ ਦੇ 208 ਹਸਪਤਾਲਾਂ ਵਿਚ ਦਾਖ਼ਲ ਹੋਏ 20133 ਮਰੀਜ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਅਧਿਐਨ ਮੁਤਾਬਕ ਹਸਪਤਾਲ ਵਿਚ ਦਾਖ਼ਲ ਹੋਣ ਵਾਲਿਆਂ ਦੀ ਔਸਤ ਉਮਰ 73 ਸਾਲ ਸੀ ਅਤੇ ਔਰਤਾਂ ਦੇ ਮੁਕਾਬਲੇ ਜ਼ਿਆਦਾ ਪੁਰਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿਨ੍ਹਾਂ ਨੂੰ ਦਿਲ, ਫੇਫੜੇ, ਲਿਵਰ ਅਤੇ ਕਿਡਨੀ ਦੀ ਬੀਮਾਰੀ ਸੀ, ਉਨ੍ਹਾਂ ਨੂੰ ਜ਼ਿਆਦਾ ਦਿੱਕਤ ਹੋਈ। (ਏਜੰਸੀ)