
ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ 'ਚ ਨੌਜਵਾਨ ਦੀ ਹਤਿਆ ਦਾ ਮਾਮਲਾ ਸਾਹਮਣੇ ਆਇਆ ਹੈ।
ਬਿਜਨੌਰ, 24 ਮਈ : ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ 'ਚ ਨੌਜਵਾਨ ਦੀ ਹਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਕਥਿਤ ਤੌਰ 'ਤੇ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਦੀ ਜਾਂਚ ਨਹੀਂ ਕਰਵਾ ਸਕਿਆ ਸੀ। ਇਹ ਘਟਨਾ ਬਿਜਨੌਰ ਜ਼ਿਲ੍ਹੇ ਦੇ ਪਿੰਡ ਮਲਕਪੁਰ ਦੀ ਹੈ। ਮਨਜੀਤ ਸਿੰਘ (23) ਮੇਰਠ 'ਚ ਇਲਾਜ ਦੌਰਾਨ ਮੌਤ ਹੋ ਗਈ। ਐਤਵਾਰ ਨੂੰ ਮ੍ਰਿਤਕ ਦੇ ਪਿਤਾ ਕਲਿਆਣ ਸਿੰਘ ਵਲੋਂ ਨਹਟੌਰ ਥਾਣੇ ਵਿਚ ਸ਼ਿਕਾਇਤ ਦੇ ਆਧਾਰ 'ਤੇ ਮਨਜੀਤ ਦੇ ਚਚੇਰੇ ਭਰਾ ਕਪਿਲ ਤੇ ਮਨੋਜ, ਉਸ ਦੀ ਮਾਂ ਪੁਨੀਆ ਅਤੇ ਮਨੋਜ ਦੀ ਪਤਨੀ ਡੌਲੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਨਹਟੌਰ ਥਾਣੇ ਨੇ ਐਸਐਚਓ ਸੱਤਪ੍ਰਕਾਸ਼ ਸਿੰਘ ਨੇ ਕਿਹਾ ਕਿ ਹਾਲੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਖ਼ਬਰਾਂ ਅਨੁਸਾਰ ਮਨਜੀਤ ਦੀ ਮੌਤ ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਹੋਈ ਹੈ।
ਬਿਜਨੌਰ ਦੇ ਐਡੀਸ਼ਨਲ ਐਸਪੀ ਸੰਜੇ ਕੁਮਾਰ ਨੇ ਦਸਿਆ ਕਿ 19 ਮਈ ਨੂੰ ਦਿੱਲੀ ਤੋਂ ਬਿਜਨੌਰ ਪਹੁੰਚਣ ਤੋਂ ਬਾਅਦ ਉਸ ਦੀ ਥਰਮਲ ਸਕ੍ਰੀਨਿੰਗ ਕੀਤੀ ਗਈ ਸੀ। ਰਿਪੋਰਟ ਨੈਗੇਟਿਵ ਸੀ। ਇਸ ਲਈ ਉਸ ਦਾ ਸੈਂਪਲ ਨਹੀਂ ਲਿਆ ਗਿਆ ਸੀ। ਐਸਐਚਓ ਸੱਤਪ੍ਰਕਾਸ਼ ਸਿੰਘ ਨੇ ਕਿਹਾ ਕਿ ਉਸ ਦੀ ਵਾਪਸੀ ਤੋਂ ਬਾਅਦ ਤੋਂ ਕਪਿਲ ਤੇ ਮਨੋਜ ਰੋਜ਼ਾਨਾ ਮਨਜੀਤ ਨੂੰ ਅਪਣਾ ਟੈਸਟ ਕਰਵਾਉਣ ਲਈ ਕਹਿ ਰਹੇ ਸਨ। ਵੀਰਵਾਰ ਨੂੰ ਚਚੇਰੇ ਭਰਾਵਾਂ ਨੇ ਫਿਰ ਮਨਜੀਤ ਨੂੰ ਅਪਣਾ ਟੈਸਟ ਕਰਵਾਉਣ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ 'ਚ ਬਹਿਸਬਾਜ਼ੀ ਸ਼ੁਰੂ ਹੋ ਗਈ। ਦੋਸ਼ੀ ਨੇ ਮਨਜੀਤ ਨੂੰ ਡੰਡਿਆਂ ਨਾਲ ਮਾਰਨਾ ਸ਼ੁਰੂ ਕਰ ਦਿਤਾ। ਉਸ ਦੇ ਸਿਰ ਤੇ ਮੋਢੇ 'ਚ ਸੱਟਾਂ ਲੱਗੀਆਂ। ਜਦੋਂ ਮਨਜੀਤ ਬੇਹੋਸ਼ ਹੋ ਗਿਆ ਤਾਂ ਉਸ ਨੂੰ ਉਸ ਦੇ ਮਾਪਿਆਂ ਵਲੋਂ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਇਕ ਦਿਨ ਬਾਅਦ ਉਸ ਨੇ ਦਮ ਤੋੜ ਦਿਤਾ। (ਏਜੰਸੀ)