
ਕੈਪਟਨ ਅਭਿਲਾਸ਼ਾ ਹਰਿਆਣਾ ਦੀ ਰਹਿਣ ਵਾਲੀ ਹੈ। ਉਸ ਨੂੰ ਸਤੰਬਰ 2018 ਵਿਚ ਆਰਮੀ ਏਵੀਏਸ਼ਨ ਡਿਫੈਂਸ ਕੋਰ ਵਿਚ ਕਮਿਸ਼ਨ ਦਿੱਤਾ ਗਿਆ ਸੀ।
ਨਵੀਂ ਦਿੱਲੀ: ਭਾਰਤੀ ਫੌਜ ਨੂੰ ਅੱਜ ਆਰਮੀ ਏਵੀਏਸ਼ਨ ਕੋਰ ਦੇ ਰੂਪ ਵਿਚ ਆਪਣੀ ਪਹਿਲੀ ਮਹਿਲਾ ਅਧਿਕਾਰੀ ਮਿਲ ਗਈ ਹੈ। ਕੈਪਟਨ ਅਭਿਲਾਸ਼ਾ ਬਰਾਕ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਭਾਰਤੀ ਫੌਜ ਦੇ ਅਨੁਸਾਰ ਅਭਿਲਾਸ਼ਾ ਨੇ ਸਫਲਤਾਪੂਰਵਕ ਆਪਣੀ ਸਿਖਲਾਈ ਪੂਰੀ ਕਰ ਲਈ ਹੈ ਜਿਸ ਤੋਂ ਬਾਅਦ ਉਸ ਨੂੰ ਇਕ ਲੜਾਕੂ ਏਵੀਏਟਰ ਦੇ ਰੂਪ ਵਿਚ ਆਰਮੀ ਏਵੀਏਸ਼ਨ ਕੋਰ ਵਿਚ ਸ਼ਾਮਲ ਕੀਤਾ ਗਿਆ ਹੈ।
Captain Abhilasha Barak becomes the First Woman Officer to join Army Aviation Corps
ਕੈਪਟਨ ਅਭਿਲਾਸ਼ਾ ਹਰਿਆਣਾ ਦੀ ਰਹਿਣ ਵਾਲੀ ਹੈ। ਉਸ ਨੂੰ ਸਤੰਬਰ 2018 ਵਿਚ ਆਰਮੀ ਏਵੀਏਸ਼ਨ ਡਿਫੈਂਸ ਕੋਰ ਵਿਚ ਕਮਿਸ਼ਨ ਦਿੱਤਾ ਗਿਆ ਸੀ। ਉਸ ਦੇ ਪਿਤਾ ਕਰਨਲ ਐਸ ਓਮ ਸਿੰਘ (ਸੇਵਾਮੁਕਤ) 8-ਜੰਮੂ ਅਤੇ ਕਸ਼ਮੀਰ ਲਾਈਟ ਇਨਫੈਂਟਰੀ ਵਿਚ ਸਨ। ਹੁਣ ਤੱਕ ਆਰਮੀ ਏਵੀਏਸ਼ਨ ਵਿਚ ਔਰਤਾਂ ਸਿਰਫ਼ ਏਟੀਸੀ ਯਾਨੀ ਜ਼ਮੀਨੀ ਡਿਊਟੀ ਵਿਚ ਸਨ।
ਪਹਿਲੀ ਵਾਰ ਫੌਜ ਵਿਚ ਮਹਿਲਾ ਅਧਿਕਾਰੀਆਂ ਨੂੰ ਹੈਲੀਕਾਪਟਰ ਪਾਇਲਟ ਬਣਨ ਦਾ ਮੌਕਾ ਮਿਲਿਆ ਹੈ। ਹੈਲੀਕਾਪਟਰ ਪਾਇਲਟ ਦੀ ਸਿਖਲਾਈ ਲਈ 15 ਮਹਿਲਾ ਅਧਿਕਾਰੀਆਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿਚੋਂ ਦੋ ਦੀ ਚੋਣ ਕੀਤੀ ਗਈ ਸੀ। ਆਰਮੀ ਏਵੀਏਸ਼ਨ ਦੀ ਛੇ ਮਹੀਨੇ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਕੈਪਟਨ ਅਭਿਲਾਸ਼ਾ ਹੁਣ ਪਾਇਲਟ ਬਣ ਗਈ ਹੈ।