
2 ਹਾਲੀਵੁੱਡ ਫ਼ਿਲਮਾਂ ਦੇ ਮਿਲੇ ਆਫ਼ਰ
ਮੁੰਬਈ : ਹਾਲ ਹੀ ਵਿਚ ਮਸ਼ਹੂਰ ਲਗਜ਼ਰੀ ਬਿਊਟੀ ਬ੍ਰਾਂਡ 'ਫੋਰੈਸਟ ਅਸੈਂਸ਼ੀਅਲਸ' ਨੇ ਮਲੀਸ਼ਾ ਖਾਰਵਾ ਨੂੰ ਆਪਣੇ 'ਦ ਯੂਵਤੀ ਕਲੈਕਸ਼ਨ' ਲਈ ਬ੍ਰਾਂਡ ਅੰਬੈਸਡਰ ਵਜੋਂ ਸਾਈਨ ਕੀਤਾ ਹੈ। ਮੁੰਬਈ ਦੇ ਧਾਰਾਵੀ 'ਚ ਝੁੱਗੀ ਝੌਂਪੜੀ 'ਚ ਰਹਿਣ ਵਾਲੀ 14 ਸਾਲ ਦੀ ਮਲਿਸ਼ਾ ਅੱਜ ਕਿਸੇ ਸਟਾਰ ਤੋਂ ਘੱਟ ਨਹੀਂ ਹੈ।
ਬਚਪਨ ਤੋਂ ਹੀ ਵੱਡੇ ਸੁਪਨੇ ਦੇਖਣ ਵਾਲੀ ਮਲੀਸ਼ਾ ਲਈ ਇਹ ਸਭ ਆਸਾਨ ਨਹੀਂ ਸੀ। ਉਸ ਦਾ ਪਿਤਾ ਇੱਕ ਜੋਕਰ ਵਜੋਂ ਬੱਚਿਆਂ ਦੀਆਂ ਪਾਰਟੀਆਂ ਵਿਚ ਜਾਂਦਾ ਹੈ ਅਤੇ ਪਰਿਵਾਰ ਦਾ ਪੇਟ ਪਾਲਦਾ ਹੈ।
ਅਜਿਹੇ 'ਚ ਵੱਡੇ ਮਾਡਲ ਬਣਨ ਦੇ ਸੁਪਨੇ ਨੂੰ ਪੂਰਾ ਕਰਨਾ ਤਾਂ ਛੱਡੋ, ਦੇਖਣਾ ਤਾਂ ਦੂਰ ਦੀ ਗੱਲ ਸੀ। ਪਰ ਉਸ ਦੀ ਕਿਸਮਤ ਉਦੋਂ ਬਦਲ ਗਈ ਜਦੋਂ ਸਾਲ 2020 ਵਿਚ ਹਾਲੀਵੁੱਡ ਅਦਾਕਾਰ ਰੌਬਰਟ ਹਾਫਮੈਨ ਨੇ ਉਸ ਨੂੰ ਦੇਖਿਆ।
ਰਾਬਰਟ ਇਕ ਮਿਊਜ਼ਿਕ ਵੀਡੀਓ ਸ਼ੂਟ ਕਰਨ ਲਈ ਮੁੰਬਈ ਆਇਆ ਸੀ। ਪਰ ਉਸੇ ਸਮੇਂ ਕੋਵਿਡ-19 ਕਾਰਨ ਉਸ ਨੂੰ ਇੱਥੇ ਰਹਿਣਾ ਪਿਆ। ਅਤੇ ਜਦੋਂ ਉਹ ਮਲੀਸ਼ਾ ਨੂੰ ਮਿਲਿਆ ਅਤੇ ਉਸ ਦੇ ਸੁਪਨਿਆਂ ਬਾਰੇ ਜਾਣਿਆ ਤਾਂ ਉਹ ਹੈਰਾਨ ਰਹਿ ਗਿਆ।
ਮਲੀਸ਼ਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰਾਬਰਟ ਨੇ ਫੰਡ ਰੇਜ਼ਿੰਗ ਪੇਜ ਅਤੇ ਇੰਸਟਾਗ੍ਰਾਮ ਪੇਜ ਬਣਾਇਆ ਹੈ। ਉਦੋਂ ਤੋਂ ਮਲੀਸ਼ਾ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਗਈ। ਸਾਲ 2020 ਵਿਚ ਹੀ ਮਲੀਸ਼ਾ ਫਾਲਗੁਨੀ ਸ਼ੇਨ ਐਂਡ ਪੀਕਾਕ ਦੀ ਪੀਕਾਕ ਮੈਗਜ਼ੀਨ ਦੀ ਕਵਰ ਗਰਲ ਬਣੀ ਸੀ।
ਮਲੀਸ਼ਾ ਨੇ ਕਿਹਾ ਸੀ ਕਿ ਇਹ ਉਸ ਲਈ ਵੱਡੀ ਪ੍ਰਾਪਤੀ ਹੈ। ਇਸ ਤੋਂ ਬਾਅਦ ਹੌਲੀ-ਹੌਲੀ ਉਸ ਨੂੰ ਕਈ ਆਫਰ ਮਿਲਣ ਲੱਗੇ, ਉਦੋਂ ਤੋਂ ਮਲਿਸ਼ਾ ਕਈ ਮਾਡਲਿੰਗ ਅਸਾਈਨਮੈਂਟਾਂ ਦਾ ਹਿੱਸਾ ਰਹੀ ਹੈ।
ਅੱਜ ਉਹ ਨਾ ਸਿਰਫ ਸੋਸ਼ਲ ਮੀਡੀਆ ਪ੍ਰਭਾਵਕ ਹੈ, ਸਗੋਂ ਉਸ ਕੋਲ ਦੋ ਹਾਲੀਵੁੱਡ ਫਿਲਮਾਂ ਦੇ ਆਫਰ ਵੀ ਹਨ। ਉਸ ਨੂੰ 'ਸਲੱਮ ਤੋਂ ਰਾਜਕੁਮਾਰੀ' ਵੀ ਕਿਹਾ ਜਾਂਦਾ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 2 ਲੱਖ 28 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।
ਤੁਹਾਨੂੰ ਦਸ ਦੇਈਏ ਕਿ ਮਾਡਲਿੰਗ ਤੋਂ ਇਲਾਵਾ ਉਹ ਇੱਕ ਸ਼ਾਰਟ ਫਿਲਮ ਵਿਚ ਵੀ ਕੰਮ ਕਰ ਚੁਕੀ ਹੈ। ਮਲੀਸ਼ਾ ਦੀ ਲਘੂ ਫ਼ਿਲਮ ਦਾ ਨਾਂ 'ਲਿਵ ਯੂਅਰ ਫੇਅਰੀਟੇਲ' ਹੈ। ਇਹ ਫ਼ਿਲਮ ਝੁੱਗੀ-ਝੌਂਪੜੀ ਵਿਚ ਰਹਿਣ ਵਾਲੇ ਪੰਜ ਬੱਚਿਆਂ ਦੀ ਕਹਾਣੀ ਦਸਦੀ ਹੈ ਜੋ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਇੱਕ ਰੈਸਟੋਰੈਂਟ ਵਿਚ ਜਾਂਦੇ ਹਨ।
ਹੁਣ Forest Essentials ਨੇ ਮਲਿਸ਼ਾ ਨੂੰ ਆਪਣੇ ਨਵੇਂ ਕਲੈਕਸ਼ਨ ਦਾ ਚਿਹਰਾ ਬਣਾਇਆ ਹੈ, ਜਿਸ ਲਈ ਉਹ ਸੁਰਖੀਆਂ 'ਚ ਬਣੀ ਹੋਈ ਹੈ। ਇਸ ਬਾਰੇ ਖੁਸ਼ੀ ਜ਼ਾਹਰ ਕਰਦੇ ਹੋਏ ਮਲੀਸ਼ਾ ਨੇ ਕਿਹਾ ਸੀ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ। ਮਲੀਸ਼ਾ ਦਾ ਸੁਪਨਾ ਮਾਡਲ ਬਣਨਾ ਹੈ ਪਰ ਉਹ ਪੜ੍ਹਾਈ ਦੇ ਨਾਲ-ਨਾਲ ਇਹ ਕੰਮ ਵੀ ਕਰਨਾ ਚਾਹੁੰਦੀ ਹੈ।