
ਛੁੱਟੀਆਂ ਹੋਣ ਕਾਰਨ ਇਥੇ ਬੱਚਿਆਂ ਦੀ ਕਾਫ਼ੀ ਭੀੜ ਸੀ
ਰਾਜਕੋਟ: ਗੁਜਰਾਤ ਦੇ ਰਾਜਕੋਟ ਸ਼ਹਿਰ ’ਚ ਸਨਿਚਰਵਾਰ ਸ਼ਾਮ ਨੂੰ ਇਕ ਗੇਮ ਜ਼ੋਨ ’ਚ ਭਿਆਨਕ ਅੱਗ ਲੱਗਣ ਨਾਲ ਬੱਚਿਆਂ ਸਮੇਤ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਅਧਿਕਾਰੀਆਂ ਨੇ ਦਸਿਆ ਕਿ ਗੇਮਿੰਗ ਗਤੀਵਿਧੀਆਂ ਲਈ ਬਣਾਏ ਗਏ ਫਾਈਬਰ ਡੋਮ ’ਚ ਸ਼ਾਮ ਕਰੀਬ ਸਾਢੇ ਚਾਰ ਵਜੇ ਅੱਗ ਲੱਗ ਗਈ, ਜਿਸ ਤੋਂ ਬਾਅਦ ਪ੍ਰਭਾਵਤ ਟੀ.ਆਰ.ਪੀ. ਗੇਮ ਜ਼ੋਨ ’ਚ ਬਚਾਅ ਕਾਰਜ ਚਾਰ ਘੰਟੇ ਤੋਂ ਵੱਧ ਸਮੇਂ ਤਕ ਜਾਰੀ ਰਹੇ। ਅਧਿਕਾਰੀਆਂ ਮੁਤਾਬਕ ਭਿਆਨਕ ਅੱਗ ਲੱਗਣ ਕਾਰਨ ਢਾਂਚਾ ਢਹਿ ਗਿਆ। ਅਧਿਕਾਰੀਆਂ ਨੇ ਦਸਿਆ ਕਿ ਅੱਗ ਉਸ ਸਮੇਂ ਲੱਗੀ ਜਦੋਂ ਬੱਚਿਆਂ ਸਮੇਤ ਕਈ ਲੋਕ ਗੇਮ ਖੇਡ ਰਹੇ ਸਨ।
ਰਾਜਕੋਟ ਦੇ ਜ਼ਿਲ੍ਹਾ ਕੁਲੈਕਟਰ ਪ੍ਰਭਾਵ ਜੋਸ਼ੀ ਨੇ ਦਸਿਆ ਕਿ ਫਾਇਰ ਕੰਟਰੋਲ ਰੂਮ ਨੂੰ ਸ਼ਾਮ ਕਰੀਬ ਸਾਢੇ ਚਾਰ ਵਜੇ ਗੇਮ ਜ਼ੋਨ ’ਚ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਮੌਕੇ ’ਤੇ ਪਹੁੰਚੀਆਂ। ਅੱਗ ਲੱਗਣ ਕਾਰਨ ਢਾਂਚਾ ਢਹਿ ਗਿਆ ਅਤੇ ਮਲਬਾ ਹਟਾਇਆ ਜਾ ਰਿਹਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗਰਮੀਆਂ ਦੀਆਂ ਛੁੱਟੀਆਂ ਅਤੇ ਹਫਤੇ ਦੇ ਅੰਤ ਕਾਰਨ ਬੱਚਿਆਂ ਸਮੇਤ ਕਈ ਲੋਕ ਮੌਕੇ ’ਤੇ ਮੌਜੂਦ ਸਨ।
ਅੱਗ ਲੱਗਣ ਤੋਂ ਬਾਅਦ ਰਾਜਕੋਟ ਦੇ ਪੁਲਿਸ ਕਮਿਸ਼ਨਰ ਰਾਜੂ ਭਾਰਗਵ ਨੇ ਪੱਤਰਕਾਰਾਂ ਨੂੰ ਦਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਸ਼ਹਿਰ ਦੇ ਸਾਰੇ ਗੇਮਿੰਗ ਜ਼ੋਨਾਂ ਨੂੰ ਕੰਮ ਬੰਦ ਕਰਨ ਦਾ ਸੰਦੇਸ਼ ਜਾਰੀ ਕੀਤਾ ਗਿਆ ਹੈ। ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਰਾਜਕੋਟ ਸ਼ਹਿਰ ਪ੍ਰਸ਼ਾਸਨ ਨੂੰ ‘ਗੇਮ ਜ਼ੋਨ’ ਵਿਚ ਤੁਰਤ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰਨ ਦੇ ਹੁਕਮ ਦਿਤੇ ਗਏ ਹਨ।
ਪਟੇਲ ਨੇ ਕਿਹਾ, ‘‘ਰਾਜਕੋਟ ਦੇ ਗੇਮ ਜ਼ੋਨ ’ਚ ਅੱਗ ਲੱਗਣ ਦੀ ਘਟਨਾ ’ਚ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਤੁਰਤ ਬਚਾਅ ਅਤੇ ਰਾਹਤ ਕਾਰਜ ਚਲਾਉਣ ਦੇ ਹੁਕਮ ਦਿਤੇ ਗਏ ਹਨ। ਜ਼ਖਮੀਆਂ ਦੇ ਤੁਰਤ ਇਲਾਜ ਦੇ ਪ੍ਰਬੰਧਾਂ ਨੂੰ ਤਰਜੀਹ ਦੇਣ ਦੇ ਹੁਕਮ ਦਿਤੇ ਗਏ ਹਨ।’’