ਭਲਕੇ ਹੋਵੇਗੀ ਸਪੀਕਰ ਲਈ ਚੋਣ
Lok Sabha speaker: ਨਵੀਂ ਦਿੱਲੀ - ਮੰਗਲਵਾਰ (25 ਜੂਨ) ਨੂੰ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਦੂਜਾ ਦਿਨ ਹੈ। ਲੋਕ ਸਭਾ ਸਪੀਕਰ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਵਧ ਗਿਆ ਹੈ। ਇੰਡੀਆ ਬਲਾਕ ਨੇ ਵੀ ਐਨਡੀਏ ਉਮੀਦਵਾਰ ਓਮ ਬਿਰਲਾ ਦੇ ਖਿਲਾਫ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ। ਸਪੀਕਰ ਦੇ ਅਹੁਦੇ ਲਈ 26 ਜੂਨ ਨੂੰ ਸਵੇਰੇ 11 ਵਜੇ ਵੋਟਿੰਗ ਹੋਵੇਗੀ।
ਐਨਡੀਏ ਆਗੂਆਂ ਨੇ ਸੰਸਦ ਭਵਨ ਵਿਚ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਓਮ ਬਿਰਲਾ ਦੇ ਹੱਕ ਵਿਚ 10 ਸੈੱਟਾਂ ਵਿਚ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਇਸ ਦੌਰਾਨ ਭਾਜਪਾ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਐਨਡੀਏ ਆਗੂ ਮੌਜੂਦ ਸਨ। ਇਸ ਦੌਰਾਨ ਵਿਰੋਧੀ ਧਿਰ ਤੋਂ ਕਾਂਗਰਸੀ ਸੰਸਦ ਮੈਂਬਰ ਕੇ. ਸੁਰੇਸ਼ ਨੇ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਬਿਰਲਾ ਖਿਲਾਫ 3 ਸੈੱਟਾਂ 'ਚ ਨਾਮਜ਼ਦਗੀ ਦਾਖਲ ਕੀਤੀ।
ਨਾਮਜ਼ਦਗੀ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ- ਕਾਂਗਰਸ ਪ੍ਰਧਾਨ ਨੂੰ ਸਪੀਕਰ ਦੇ ਸਮਰਥਨ ਲਈ ਰਾਜਨਾਥ ਸਿੰਘ ਦਾ ਫ਼ੋਨ ਆਇਆ ਸੀ। ਵਿਰੋਧੀ ਧਿਰ ਨੇ ਸਪੱਸ਼ਟ ਕਿਹਾ ਹੈ ਕਿ ਅਸੀਂ ਸਪੀਕਰ ਦਾ ਸਮਰਥਨ ਕਰਾਂਗੇ, ਪਰ ਵਿਰੋਧੀ ਧਿਰ ਨੂੰ ਡਿਪਟੀ ਸਪੀਕਰ ਦਾ ਅਹੁਦਾ ਮਿਲਣਾ ਚਾਹੀਦਾ ਹੈ। ਰਾਜਨਾਥ ਸਿੰਘ ਨੇ ਦੁਬਾਰਾ ਫੋਨ ਕਰਨ ਦੀ ਗੱਲ ਵੀ ਕਹੀ ਸੀ, ਹਾਲਾਂਕਿ ਅਜੇ ਤੱਕ ਕਾਲ ਨਹੀਂ ਆਈ ਹੈ।
ਰਾਜਨਾਥ ਸਿੰਘ ਨੇ ਸੰਸਦ ਦੇ ਬਾਹਰ ਮੀਡੀਆ ਨੂੰ ਕਿਹਾ ਕਿ ਮੈਂ ਸਪੀਕਰ ਦੇ ਅਹੁਦੇ ਲਈ ਸਮਰਥਨ ਦੇਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਤਿੰਨ ਵਾਰ ਫੋਨ 'ਤੇ ਗੱਲ ਕੀਤੀ ਹੈ। ਕਾਂਗਰਸ ਦੇ ਸੰਸਦ ਮੈਂਬਰ ਕੇਸੀ ਵੇਣੂਗੋਪਾਲ ਅਤੇ ਡੀਐਮਕੇ ਦੇ ਟੀਆਰ ਬਾਲੂ ਨੇ ਰਾਜਨਾਥ ਨਾਲ ਮੁਲਾਕਾਤ ਕੀਤੀ, ਪਰ ਡਿਪਟੀ ਸਪੀਕਰ ਵਾਲੀ ਗੱਲ 'ਤੇ ਜਵਾਬ ਨਾ ਮਿਲਣ 'ਤੇ ਉਹ ਆਪਣੇ ਦਫ਼ਤਰ ਤੋਂ ਵਾਪਸ ਪਰਤ ਗਏ।