
ਦੇਸ਼ ਵਿਚ ਕੋਰੋਨਾ ਟੀਕੇ ਦੀ ਪਰਖ ਸ਼ੁਰੂ, ਹਾਲੇ ਤਕ ਕੋਈ ਮਾੜਾ ਅਸਰ ਨਹੀਂ, ਸੱਤ ਦਿਨਾਂ ਤਕ ਰੱਖੀ ਜਾਵੇਗੀ ਨਜ਼ਰ
ਨਵੀਂ ਦਿੱਲੀ, 24 ਜੁਲਾਈ : ਕੋਰੋਨਾ ਵਾਇਰਸ ਰੋਕਥਾਮ ਲਈ ਦੇਸ਼ ਵਿਚ ਬਣੇ ਟੀਕੇ 'ਕੋਵੈਕਸੀਨ' ਦੀ ਭਾਰਤ ਦੇ ਪਹਿਲੇ ਮਨੁੱਖ 'ਤੇ ਕਲੀਨਿਕਲ ਪਰਖ ਦਾ ਪਹਿਲਾ ਗੇੜ ਸ਼ੁਕਰਵਾਰ ਨੂੰ ਏਮਜ਼ ਵਿਚ ਸ਼ੁਰੂ ਹੋ ਗਿਆ ਅਤੇ 30 ਤੋਂ 40 ਸਾਲ ਵਿਚਲੀ ਉਮਰ ਦੇ ਸ਼ਖ਼ਸ ਨੂੰ ਪਹਿਲਾ ਇੰਜੈਕਸ਼ਨ ਦਿਤਾ ਗਿਆ। ਏਮਜ਼ ਵਿਚ ਪਰਖ ਲਈ ਪਿਛਲੇ ਸਨਿਚਰਵਾਰ ਤੋਂ 3500 ਤੋਂ ਵੱਧ ਲੋਕ ਅਪਣਾ ਪੰਜੀਕਰਣ ਕਰਵਾ ਚੁਕੇ ਹਨ ਜਿਨ੍ਹਾਂ ਵਿਚ ਘੱਟੋ ਘੱਟ 22 ਦੀ ਸਕਰੀਨਿੰਗ ਚੱਲ ਰਹੀ ਹੈ।
ਇਹ ਜਾਣਕਾਰੀ ਏਮਜ਼ ਵਿਚ ਕਮਿਊਨਿਟੀ ਇਲਾਜ ਕੇਂਦਰ ਦੇ ਪ੍ਰੋਫ਼ੈਸਰ ਅਤੇ ਮੁੱਖ ਅਧਿਐਨਕਾਰ ਡਾ . ਸੰਜੇ ਰਾਏ ਨੇ ਦਿਤੀ। ਰਾਏ ਨੇ ਦਸਿਆ, 'ਦਿੱਲੀ ਵਾਸੀ ਪਹਿਲੇ ਵਿਅਕਤੀ ਦੀ ਦੋ ਦਿਨ ਪਹਿਲਾਂ ਜਾਂਚ ਕੀਤੀ ਗਈ ਸੀ ਅਤੇ ਉਸ ਸਾਰੇ ਸਿਹਤ ਮਾਪਦੰਡ ਆਮ ਰੇਂਜ ਵਿਚ ਮਿਲੇ। ਉਸ ਨੂੰ ਕੋਈ ਬੀਮਾਰੀ ਨਹੀਂ। ਇੰਜੈਕਸ਼ਨ ਨਾਲ 0.5 ਮਿਲੀਲਿਟਰ ਦੀ ਪਹਿਲੀ ਖ਼ੁਰਾਕ ਉਸ ਨੂੰ ਦੁਪਹਿਰ 1.30 ਵਜੇ ਦਿਤੀ ਗਈ। ਹੁਣ ਤਕ ਕੋਈ ਮਾੜਾ ਅਸਰ ਨਹੀਂ ਦਿਸਿਆ।
File Photo
ਉਹ ਦੋ ਘੰਟਿਆਂ ਦੀ ਦੇਖਰੇਖ ਵਿਚ ਹੈ ਅਤੇ ਅਗਲੇ ਸੱਤ ਦਿਨ ਉਸ 'ਤੇ ਨਿਗਰਾਨੀ ਰੱਖੀ ਜਾਵੇਗੀ।' ਕਲੀਨੀਕਲ ਪਰਖ ਵਿਚ ਸ਼ਾਮਲ ਕੁੱਝ ਹੋਰ ਵਿਅਕਤੀਆਂ ਦੀ ਸਕਰੀਨਿੰਗ ਰੀਪੋਰਟ ਆਉਣ ਮਗਰੋਂ ਸਨਿਚਰਵਾਰ ਨੂੰ ਉਨ੍ਹਾਂ ਨੂੰ ਟੀਕਾ ਲਾਇਆ ਜਾਵੇਗਾ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਨੇ ਕੋਵੈਕਸੀਨ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਕਲੀਨੀਕਲ ਟਰਾਇਲ ਲਈ ਏਮਜ਼ ਸਣੇ 12 ਥਾਵਾਂ ਨੂੰ ਚੁਣਿਆ ਹੈ।
ਪਹਿਲੇ ਗੇੜ ਵਿਚ 375 ਇਨਸਾਨਾਂ 'ਤੇ ਪਰਖ ਹੋਵੇਗੀ ਅਤੇ ਇਨ੍ਹਾਂ ਵਿਚ ਸੱਭ ਤੋਂ ਵੱਧ 100 ਏਮਜ਼ ਤੋਂ ਹੋਣਗੇ। ਰਾਏ ਮੁਤਾਬਕ ਦੂਜੇ ਗੇੜ ਵਿਚ ਸਾਰੀਆਂ 12 ਸੰਸਥਾਵਾਂ ਨੂੰ ਮਿਲਾ ਕੇ ਕੁਲ ਲਗਭਗ 750 ਲੋਕ ਸ਼ਾਮਲ ਹੋਣਗੇ। ਪਹਿਲੇ ਗੇੜ ਵਿਚ ਟੀਕੇ ਦੀ ਪਰਖ 18 ਤੋਂ 55 ਸਾਲ ਦੇ ਅਜਿਹੇ ਸਿਹਤਮੰਦ ਲੋਕਾਂ 'ਤੇ ਕੀਤੀ ਜਾਵੇਗੀ ਜਿਨ੍ਹਾਂ ਨੂੰ ਹੋਰ ਕੋਈ ਬੀਮਾਰੀ ਨਹੀਂ। ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਮੁਤਾਬਕ ਦੂਜੇ ਗੇੜ ਵਿਚ 12 ਤੋਂ 65ਸਾਲ ਦੀ ਉਮਰ ਦੇ 750 ਲੋਕਾਂ 'ਤੇ ਪਰਖ ਕੀਤੀ ਜਾਵੇਗੀ। (ਏਜੰਸੀ)