24 ਜੂਨ ਤੋਂ ਹੁਣ ਤਕ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 44 ਲੋਕਾਂ ਦੀ ਗਈ ਜਾਨ
ਹਿਮਾਚਲ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਗਡਸਾ ਘਾਟੀ 'ਚ ਸਵੇਰੇ 4 ਵਜੇ ਬੱਦਲ ਫਟਣ ਨਾਲ ਬਹੁਤ ਤਬਾਹੀ ਮਚੀ। ਇਸ ਨਾਲ ਇਕ ਦਰਜਨ ਤੋਂ ਜ਼ਿਆਦਾ ਘਰ ਨਾਲੇ 'ਚ ਵਹਿ ਗਏ। ਗਡਸਾ ਨਾਲੇ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਸੰਪਰਕ ਮਾਰਗ ਪੂਰੀ ਤਰ੍ਹਾਂ ਨੁਕਸਾਨੇ ਹੋਣ ਕਾਰਨ ਖੇਤਰ ਦੇ ਲੋਕਾਂ ਦਾ ਜ਼ਿਲ੍ਹਾ ਹੈੱਡਕੁਆਰਟਰ ਨਾਲੋਂ ਸੰਪਰਕ ਕੱਟ ਗਿਆ ਹੈ। ਗਡਸਾ ਘਾਟੀ 'ਚ ਵੀ ਭੇਡ ਫਾਰਮ ਨੂੰ ਨੁਕਸਾਨ ਹੋਇਆ ਹੈ। 2 ਪੁਲ ਅਤੇ ਕੁਝ ਮਵੇਸ਼ੀਆਂ ਦੇ ਵੀ ਹੜ੍ਹ 'ਚ ਵਹਿਣ ਦੀ ਸੂਚਨਾ ਹੈ। ਉੱਥੇ ਹੀ ਮੌਸਮ ਵਿਗਿਆਨ ਕੇਂਦਰ ਨੇ ਅਗਲੇ 4 ਦਿਨਾਂ ਦੇ ਤੇਜ਼ ਬਾਰਿਸ਼ ਦਾ ਅਲਰਟ ਦੇ ਰੱਖਿਆ ਹੈ। ਤਾਜ਼ਾ ਬੁਲੇਟਿਨ 'ਚ ਓਰੈਂਜ ਅਲਰਟ ਕੀਤਾ ਗਿਆ ਹੈ। ਇਸ ਦੌਰਾਨ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਅਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਹੋ ਸਕਦੀਆਂ ਹਨ।
ਪ੍ਰਦੇਸ਼ 'ਚ ਹੁਣ ਤੱਕ ਭਾਰੀ ਮੀਂਹ ਨਾਲ ਜਾਨ ਅਤੇ ਮਾਲ ਦੋਹਾਂ ਦਾ ਰਿਕਾਰਡ ਨੁਕਸਾਨ ਹੋਇਆ ਹੈ। 24 ਜੂਨ ਤੋਂ ਹੁਣ ਤੱਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਲਪੇਟ 'ਚ ਆਉਣ ਨਾਲ 44 ਲੋਕਾਂ ਦੀ ਜਾਨ ਜਾ ਚੁੱਕੀ ਹੈ। 42 ਲੋਕਾਂ ਦੀ ਮੌਤ 7 ਤੋਂ 11 ਜੁਲਾਈ ਦਰਮਿਆਨ ਹੋਈ ਭਾਰੀ ਬਾਰਿਸ਼ ਦੌਰਾਨ ਗਈ। ਕੁੱਲੂ ਅਤੇ ਮੰਡੀ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ ਤਬਾਹੀ ਮਚੀ ਹੈ। ਪ੍ਰਦੇਸ਼ 'ਚ 5116 ਕਰੋੜ ਰੁਪਏ ਦੀ ਨਿੱਜੀ ਅਤੇ ਸਰਕਾਰੀ ਜਾਇਦਾਦ ਮੀਂਹ ਦੀ ਭੇਟ ਚੜ੍ਹ ਚੁੱਕੀ ਹੈ।