
ਇਹ ਘਟਨਾ ਸ਼ਨੀਵਾਰ ਰਾਤ ਪਟਨਾ ਦੇ ਖੁਸਰੂਪੁਰ ਥਾਣਾ ਖੇਤਰ ਦੇ ਇਕ ਪਿੰਡ 'ਚ ਵਾਪਰੀ।
ਪਟਨਾ - ਪਟਨਾ ਜ਼ਿਲ੍ਹੇ ਦੇ ਖੁਸਰੂਪੁਰ ਥਾਣਾ ਖੇਤਰ ਦੇ ਇਕ ਪਿੰਡ ਵਿਚ ਇਕ ਸ਼ਾਹੂਕਾਰ ਅਤੇ ਉਸ ਦੇ ਸਾਥੀਆਂ ਵਲੋਂ ਇਕ ਦਲਿਤ ਔਰਤ ਦੀ ਨਗਨ ਅਵਸਥਾ ਵਿਚ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਮੂੰਹ 'ਤੇ ਪਿਸ਼ਾਬ ਕੀਤਾ ਗਿਆ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਔਰਤ ਨੇ ਸ਼ਾਹੂਕਾਰ ਦੇ ਕਰਜ਼ੇ ਦੀ ਪੂਰੀ ਅਦਾਇਗੀ ਕਰਨ ਦੇ ਬਾਵਜੂਦ ਹੋਰ ਪੈਸੇ ਦੀ "ਗੈਰ ਤਰਕਹੀਣ" ਮੰਗ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਖ ਦੋਸ਼ੀ ਪ੍ਰਮੋਦ ਸਿੰਘ ਅਤੇ ਉਸ ਦਾ ਪੁੱਤਰ ਅੰਸ਼ੂ ਸਿੰਘ ਫਰਾਰ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਹਸਪਤਾਲ 'ਚ ਦਾਖਲ ਪੀੜਤਾ ਨੇ ਦਾਅਵਾ ਕੀਤਾ ਕਿ ਉਧਾਰ ਦੀ ਰਕਮ ਵਿਆਜ ਸਮੇਤ ਮੋੜਨ ਦੇ ਬਾਵਜੂਦ ਉਸ ਨੂੰ ਇਹ ਤਸ਼ੱਦਦ ਸਹਿਣਾ ਪਿਆ। ਪੀੜਤਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਕੁਝ ਮਹੀਨੇ ਪਹਿਲਾਂ ਪ੍ਰਮੋਦ ਸਿੰਘ ਤੋਂ 1500 ਰੁਪਏ ਉਧਾਰ ਲਏ ਸਨ ਅਤੇ ਅਸੀਂ ਵਿਆਜ ਸਮੇਤ ਪੈਸੇ ਵਾਪਸ ਕਰ ਦਿੱਤੇ ਸਨ, ਪਰ ਉਸ (ਪ੍ਰਮੋਦ ਸਿੰਘ) ਨੇ ਹੋਰ ਪੈਸਿਆਂ ਦੀ ਮੰਗ ਕੀਤੀ। ਅਸੀਂ ਇਹ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ।
ਇਹ ਘਟਨਾ ਸ਼ਨੀਵਾਰ ਰਾਤ ਪਟਨਾ ਦੇ ਖੁਸਰੂਪੁਰ ਥਾਣਾ ਖੇਤਰ ਦੇ ਇਕ ਪਿੰਡ 'ਚ ਵਾਪਰੀ। ਪ੍ਰਮੋਦ ਸਿੰਘ ਨੇ ਕਥਿਤ ਤੌਰ 'ਤੇ ਪੀੜਤਾ ਨੂੰ ਫ਼ੋਨ 'ਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਨੂੰ ਹੋਰ ਪੈਸੇ ਨਾ ਦਿੱਤੇ ਤਾਂ ਉਹ ਉਸ ਨੂੰ ਨੰਗਾ ਕਰਕੇ ਪਿੰਡ ਵਿਚ ਘੁਮਾਉਣਗੇ। ਪੀੜਤ ਨੇ ਇਸ ਦੀ ਸ਼ਿਕਾਇਤ ਆਪਣੇ ਮੋਬਾਈਲ ਫੋਨ ਰਾਹੀਂ ਪੁਲਿਸ ਨੂੰ ਕੀਤੀ।
ਪੀੜਤ ਪਰਿਵਾਰ ਦੇ ਇਕ ਮੈਂਬਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ''ਪਿੰਡ 'ਚ ਸ਼ਨੀਵਾਰ ਨੂੰ ਪੁਲਿਸ ਦੀ ਟੀਮ ਸ਼ਿਕਾਇਤ ਦੀ ਜਾਂਚ ਕਰਨ ਆਈ ਸੀ, ਜਿਸ ਕਰ ਕੇ ਪ੍ਰਮੋਦ ਅਤੇ ਉਸ ਦੇ ਸਾਥੀਆਂ ਨੂੰ ਗੁੱਸਾ ਆਇਆ। ਸ਼ਨੀਵਾਰ ਰਾਤ ਕਰੀਬ 10 ਵਜੇ ਉਹ ਉਸ (ਪੀੜਤ) ਦੇ ਘਰ ਗਏ ਅਤੇ ਉਸ ਨੂੰ ਜ਼ਬਰਦਸਤੀ ਪ੍ਰਮੋਦ ਦੇ ਘਰ ਲੈ ਗਏ।
ਉਸ ਨੇ ਕਿਹਾ ਕਿ ਉੱਥੇ ਔਰਤ ਨੂੰ ਕਥਿਤ ਤੌਰ 'ਤੇ ਨਗਨ ਕੀਤਾ ਗਿਆ ਅਤੇ ਮੁੱਠੀਆਂ, ਡੰਡਿਆਂ ਨਾਲ ਕੁੱਟਿਆ ਗਿਆ। ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਔਰਤ ਨੇ ਕਿਹਾ ਕਿ ''ਪ੍ਰਮੋਦ ਨੇ ਆਪਣੇ ਬੇਟੇ ਨੂੰ ਮੇਰੇ ਚਿਹਰੇ 'ਤੇ ਪਿਸ਼ਾਬ ਕਰਨ ਲਈ ਕਿਹਾ। ਉਸ ਨੇ ਬਿਲਕੁਲ ਅਜਿਹਾ ਹੀ ਕੀਤਾ। ਇਸ ਤੋਂ ਬਾਅਦ ਮੈਂ ਕਿਸੇ ਤਰ੍ਹਾਂ ਭੱਜਣ 'ਚ ਕਾਮਯਾਬ ਹੋ ਗਈ ਅਤੇ ਘਰ ਪਰਤ ਆਈ
ਪਟਨਾ ਦੇ ਸੀਨੀਅਰ ਪੁਲਿਸ ਕਪਤਾਨ ਰਾਜੀਵ ਮਿਸ਼ਰਾ ਨੇ ਸੋਮਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ, “ਅਸੀਂ ਪੰਜ ਪੁਲਿਸ ਟੀਮਾਂ ਬਣਾਈਆਂ ਹਨ ਅਤੇ ਅਸੀਂ ਮੁਲਜ਼ਮਾਂ ਦੀ ਭਾਲ ਕਰ ਰਹੇ ਹਾਂ। ਇਸ ਸਬੰਧੀ ਪਹਿਲਾਂ ਹੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।”