
ਕਿਹਾ, ਮੁਲਜ਼ਮ ਅਕਸ਼ੈ ਸ਼ਿੰਦੇ ਨੂੰ ਗੋਲੀ ਮਾਰਨ ਤੋਂ ਬਚਿਆ ਜਾ ਸਕਦਾ ਸੀ
Badlapur Case : ਬੰਬਈ ਹਾਈ ਕੋਰਟ ਨੇ ਬੁਧਵਾਰ ਨੂੰ ਕਿਹਾ ਕਿ ਬਦਲਾਪੁਰ ਜਿਨਸੀ ਸੋਸ਼ਣ ਮਾਮਲੇ ’ਚ ਮੁਲਜ਼ਮ ਅਕਸ਼ੈ ਸ਼ਿੰਦੇ ਨੂੰ ਗੋਲੀ ਮਾਰਨ ਤੋਂ ਬਚਿਆ ਜਾ ਸਕਦਾ ਸੀ ਅਤੇ ਉਸ ਦੀ ਮੌਤ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਜਸਟਿਸ ਰੇਵਤੀ ਮੋਹਿਤ-ਡੇਰੇ ਅਤੇ ਜਸਟਿਸ ਪ੍ਰਿਥਵੀਰਾਜ ਚਵਾਨ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਜੇਕਰ ਉਸ ਨੂੰ ਲਗਦਾ ਹੈ ਕਿ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਹੈ ਤਾਂ ਉਹ ਉਚਿਤ ਹੁਕਮ ਜਾਰੀ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਕਿਹਾ, ‘‘ਸਾਨੂੰ ਪੁਲਿਸ ਦੀਆਂ ਗਤੀਵਿਧੀਆਂ ’ਤੇ ਸ਼ੱਕ ਨਹੀਂ ਹੈ ਪਰ ਅਸੀਂ ਸਾਰੇ ਪਹਿਲੂਆਂ ’ਤੇ ਸਪੱਸ਼ਟਤਾ ਚਾਹੁੰਦੇ ਹਾਂ।’’
ਬੈਂਚ ਨੇ ਕਿਹਾ ਕਿ ਗੋਲੀਬਾਰੀ ਨੂੰ ‘ਮੁਕਾਬਲੇ’ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਦੀ ਪਰਿਭਾਸ਼ਾ ਵੱਖਰੀ ਹੈ। ਬੈਂਚ ਨੇ ਸੋਮਵਾਰ ਸ਼ਾਮ ਨੂੰ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਮੁੰਬਰਾ ਬਾਈਪਾਸ ’ਤੇ ਗੋਲੀਬਾਰੀ ’ਤੇ ਸਵਾਲ ਚੁਕੇ ਅਤੇ ਕਿਹਾ ਕਿ ਜੇਕਰ ਪੁਲਿਸ ਨੇ ਸ਼ਿੰਦੇ ਨੂੰ ਪਹਿਲਾਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਇਸ ਤੋਂ ਬਚਿਆ ਜਾ ਸਕਦਾ ਸੀ। ਬੈਂਚ ਨੇ ਪੁਛਿਆ ਕਿ ਦੋਸ਼ੀ ਨੂੰ ਹੱਥ ਜਾਂ ਲੱਤ ’ਤੇ ਗੋਲੀ ਮਾਰਨ ਦੀ ਬਜਾਏ ਪਹਿਲਾਂ ਸਿਰ ’ਚ ਗੋਲੀ ਕਿਉਂ ਮਾਰੀ ਗਈ?
ਅਦਾਲਤ ਨੇ ਇਹ ਵੀ ਕਿਹਾ ਕਿ ਹਾਲਾਂਕਿ ਇਸ ਪੜਾਅ ’ਤੇ ਕੋਈ ਸ਼ੱਕ ਨਹੀਂ ਹੈ ਪਰ ਇਹ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ ਕਿ ਸ਼ਿੰਦੇ ਨੇ ਇਕ ਪੁਲਿਸ ਅਧਿਕਾਰੀ ਤੋਂ ਪਿਸਤੌਲ ਖੋਹ ਕੇ ਗੋਲੀ ਚਲਾਈ ਸੀ। ਅਦਾਲਤ ਨੇ ਕਿਹਾ ਕਿ ਪਿਸਤੌਲ ਖੋਲ੍ਹਣਾ ਅਤੇ ਉਸ ਤੋਂ ਗੋਲੀ ਚਲਾਉਣਾ ਬਹੁਤ ਸੌਖਾ ਨਹੀਂ ਹੁੰਦਾ।
ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਤੈਅ ਕੀਤੀ ਹੈ। 3 ਅਕਤੂਬਰ ਨੂੰ ਪੁਲਿਸ ਨੂੰ ਸ਼ਿੰਦੇ ਦੇ ਪਿਤਾ ਵਲੋਂ ਸਬੰਧਤ ਪੁਲਿਸ ਅਧਿਕਾਰੀਆਂ ਵਿਰੁਧ ਐਫ.ਆਈ.ਆਰ. ਦਰਜ ਕਰਨ ਦੀ ਮੰਗ ਨਾਲ ਸਬੰਧਤ ਸ਼ਿਕਾਇਤ ’ਤੇ ਫੈਸਲਾ ਲੈਣਾ ਹੈ।
ਠੇਕੇ ’ਤੇ ਸਫਾਈ ਮੁਲਾਜ਼ਮ ਸ਼ਿੰਦੇ (24) ’ਤੇ ਠਾਣੇ ਦੇ ਬਦਲਾਪੁਰ ਕਸਬੇ ਦੇ ਇਕ ਸਕੂਲ ’ਚ ਦੋ ਨਾਬਾਲਗ ਲੜਕੀਆਂ ਦਾ ਜਿਨਸੀ ਸੋਸ਼ਣ ਕਰਨ ਦਾ ਦੋਸ਼ ਹੈ। ਉਸ ਨੂੰ 17 ਅਗੱਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ।