
24 ਸਤੰਬਰ ਨੂੰ ਰਾਜਧਾਨੀ ਸ਼ਿਮਲਾ ’ਚ ਵੱਧ ਤੋਂ ਵੱਧ ਤਾਪਮਾਨ 28.4 ਡਿਗਰੀ ਦਰਜ ਕੀਤਾ ਗਿਆ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਊਨਾ, ਭੂੰਤਰ ਅਤੇ ਸੁੰਦਰਨਗਰ ਸ਼ਹਿਰਾਂ ’ਚ 1994 ਤੋਂ ਬਾਅਦ ਇਸ ਸਾਲ ਸਤੰਬਰ ਮਹੀਨੇ ’ਚ ਸੱਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਸਥਾਨਕ ਮੌਸਮ ਵਿਭਾਗ ਦੇ ਦਫਤਰ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਸ਼ਿਮਲਾ, ਮਨਾਲੀ ਅਤੇ ਧਰਮਸ਼ਾਲਾ ’ਚ ਵੱਧ ਤੋਂ ਵੱਧ ਤਾਪਮਾਨ ਨੇ 10 ਸਾਲ ਦਾ ਰੀਕਾਰਡ ਤੋੜ ਦਿਤਾ, ਜਿੱਥੇ 24 ਸਤੰਬਰ ਨੂੰ ਰਾਜਧਾਨੀ ਸ਼ਿਮਲਾ ’ਚ ਵੱਧ ਤੋਂ ਵੱਧ ਤਾਪਮਾਨ 28.4 ਡਿਗਰੀ ਦਰਜ ਕੀਤਾ ਗਿਆ ਸੀ।
ਮੌਸਮ ਵਿਭਾਗ ਦੇ ਡਾਇਰੈਕਟਰ ਕੁਲਦੀਪ ਅਨੁਸਾਰ ਭੂੰਤਰ ’ਚ 24 ਸਤੰਬਰ ਨੂੰ ਵੱਧ ਤੋਂ ਵੱਧ ਤਾਪਮਾਨ 35.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਕਾਂਗੜਾ ’ਚ 23 ਅਤੇ 24 ਸਤੰਬਰ ਨੂੰ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਊਨਾ ’ਚ 24 ਸਤੰਬਰ ਨੂੰ ਤਾਪਮਾਨ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦਕਿ ਸੁੰਦਰਨਗਰ ’ਚ 23 ਸਤੰਬਰ ਨੂੰ 35.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ।
ਮੌਸਮ ਵਿਗਿਆਨ ਕੇਂਦਰ ਦੇ ਅਧਿਕਾਰੀ ਸੰਦੀਪ ਸ਼ਰਮਾ ਨੇ ਦਸਿਆ ਕਿ ਭੂੰਤਰ, ਕਾਂਗੜਾ, ਊਨਾ ਅਤੇ ਸੁੰਦਰਨਗਰ ਜ਼ਿਲ੍ਹਿਆਂ ’ਚ ਸਤੰਬਰ ’ਚ 1994 ਤੋਂ ਬਾਅਦ ਸੱਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਸ਼ਿਮਲਾ, ਮਨਾਲੀ ਅਤੇ ਧਰਮਸ਼ਾਲਾ ’ਚ ਤਾਪਮਾਨ 10 ਸਾਲ ਦੇ ਉੱਚੇ ਪੱਧਰ ’ਤੇ ਰਿਹਾ। ਮੌਸਮ ਵਿਭਾਗ ਨੇ ਦਸਿਆ ਕਿ 15 ਸਤੰਬਰ ਨੂੰ ਮਨਾਲੀ ’ਚ ਵੱਧ ਤੋਂ ਵੱਧ ਤਾਪਮਾਨ 28.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦਕਿ ਧਰਮਸ਼ਾਲਾ ’ਚ 24 ਸਤੰਬਰ ਨੂੰ ਇਹ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਪਹਾੜੀ ਸੂਬੇ ’ਚ ਮੌਸਮ ਪਿਛਲੇ ਤਿੰਨ ਦਿਨਾਂ ਤੋਂ ਮੁੱਖ ਤੌਰ ’ਤੇ ਖੁਸ਼ਕ ਰਿਹਾ ਹੈ। ਹਾਲਾਂਕਿ, ਅਗਲੇ ਦੋ-ਤਿੰਨ ਦਿਨਾਂ ਦੌਰਾਨ ਸੂਬੇ ’ਚ ਮੀਂਹ ਦੀ ਗਤੀਵਿਧੀ ਵਧਣ ਕਾਰਨ ਰਾਜ ਦੇ ਕਈ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ’ਚ ਤਿੰਨ ਡਿਗਰੀ ਤਕ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਬੁਧਵਾਰ ਅਤੇ ਵੀਰਵਾਰ ਨੂੰ ਰਾਜ ਦੇ ਛੇ ਤੋਂ ਅੱਠ ਜ਼ਿਲ੍ਹਿਆਂ ’ਚ ਤੂਫਾਨ ਅਤੇ ਬਿਜਲੀ ਡਿੱਗਣ ਦਾ ‘ਯੈਲੋ’ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਨੇ ਬੁਧਵਾਰ ਨੂੰ ਕਿਹਾ ਕਿ 1 ਜੂਨ ਤੋਂ 24 ਸਤੰਬਰ ਤਕ ਚੱਲ ਰਹੇ ਮਾਨਸੂਨ ਸੀਜ਼ਨ ’ਚ ਬਾਰਸ਼ ’ਚ 21 ਫ਼ੀ ਸਦੀ ਦੀ ਕਮੀ ਆਈ ਅਤੇ ਹਿਮਾਚਲ ਪ੍ਰਦੇਸ਼ ’ਚ ਆਮ 727.40 ਮਿਲੀਮੀਟਰ ਦੇ ਮੁਕਾਬਲੇ 573.80 ਮਿਲੀਮੀਟਰ ਬਾਰਸ਼ ਹੋਈ। ਸੂਬਾ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅਨੁਸਾਰ, ਕਾਂਗੜਾ ’ਚ ਸੱਭ ਤੋਂ ਵੱਧ 10, ਮੰਡੀ ’ਚ ਛੇ, ਕੁਲੂ ’ਚ ਚਾਰ ਅਤੇ ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ’ਚ ਦੋ-ਦੋ ਸੜਕਾਂ ਬੰਦ ਰਹੀਆਂ, ਜਦਕਿ ਤਿੰਨ ਬਿਜਲੀ ਸਪਲਾਈ ਸਕੀਮਾਂ ਪ੍ਰਭਾਵਤ ਹੋਈਆਂ।
ਅਧਿਕਾਰੀਆਂ ਨੇ ਦਸਿਆ ਕਿ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਤੋਂ ਲੈ ਕੇ ਬੁਧਵਾਰ ਤਕ ਸੂਬੇ ’ਚ ਮੀਂਹ ਨਾਲ ਜੁੜੀਆਂ ਘਟਨਾਵਾਂ ’ਚ 183 ਲੋਕਾਂ ਦੀ ਮੌਤ ਹੋ ਚੁਕੀ ਹੈ ਜਦਕਿ 28 ਲੋਕ ਲਾਪਤਾ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ 1332 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।