
ਰਵਨੀਤ ਬਿੱਟੂ ਦੀ ਟਿਪਣੀ ਦੀ ਵੀ ਕੀਤੀ ਆਲੋਚਨਾ, ਕਿਹਾ, ‘ਕੋਈ ਵੀ ਸਿੱਖ ਅਜਿਹੀਆਂ ਟਿਪਣੀਆਂ ਨਹੀਂ ਕਰ ਸਕਦਾ’
Rahul Gandhi News : ਅਮਰੀਕਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਟਿਪਣੀ ਨੂੰ ਲੈ ਕੇ ਹਾਲ ਹੀ ’ਚ ਪੈਦਾ ਹੋਏ ਸਿਆਸੀ ਵਿਵਾਦ ਦੇ ਵਿਚਕਾਰ ਇਕ ਸਿੱਖ ਜਥੇਬੰਦੀ ਨੇ ਬੁਧਵਾਰ ਨੂੰ ਕਾਂਗਰਸ ਆਗੂ ਦੇ ਬਿਆਨ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਉਹ ਦੇਸ਼ ’ਚ ਇਕਸਾਰਤਾ ਥੋਪਣ ਦੀ ਵਿਚਾਰਧਾਰਾ ਨੂੰ ਰੱਦ ਕਰਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਕੇਂਦਰੀ ਸ੍ਰੀ ਗੁਰੂ ਸਿੰਘ ਸਭਾ’ ਦੇ ਪ੍ਰਧਾਨ ਸ਼ਾਮ ਸਿੰਘ ਅਤੇ ਸੰਗਠਨ ਦੇ ਕੁੱਝ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਉਤਸ਼ਾਹਿਤ ਕੀਤੇ ਗਏ ਵਿਚਾਰ ਨਾਲ ਨਫ਼ਰਤ ਦੀ ਸਿਆਸਤ, ਫਿਰਕਾਪ੍ਰਸਤੀ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ’ਤੇ ਰੋਕ ਲੱਗੇਗੀ।
ਉਨ੍ਹਾਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਟਿਪਣੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੋਈ ਵੀ ਸਿੱਖ ਅਜਿਹੀਆਂ ਟਿਪਣੀਆਂ ਨਹੀਂ ਕਰ ਸਕਦਾ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਧਮਕੀਆਂ ਨਹੀਂ ਦੇ ਸਕਦਾ। ਬਿੱਟੂ ਨੇ ਰਾਹੁਲ ਗਾਂਧੀ ਨੂੰ ‘ਨੰਬਰ ਇਕ ਅਤਿਵਾਦੀ’ ਕਿਹਾ ਸੀ।
ਉਨ੍ਹਾਂ ਕਿਹਾ, ‘‘ਸਾਡਾ ਮੰਨਣਾ ਹੈ ਕਿ ਰਾਹੁਲ ਗਾਂਧੀ ਨੇ ਦੇਸ਼ ’ਚ ਇਕਸਾਰਤਾ ਲਾਗੂ ਕਰਨ ਦੀ ਆਰ.ਐੱਸ.ਐੱਸ. ਦੀ ਵਿਚਾਰਧਾਰਾ ਨੂੰ ਰੱਦ ਕਰ ਦਿਤਾ ਹੈ। ਰਾਹੁਲ ਗਾਂਧੀ ਨੇ ਸਹੀ ਦਿਸ਼ਾ ਅਪਣਾਈ ਹੈ, ਜੋ ਹੁਣ ਤਕ ਭਾਰਤੀ ਸਿਆਸਤ ’ਚ ਨਹੀਂ ਵੇਖੀ ਗਈ ਸੀ। ਇਸ ਨਾਲ ਨਫ਼ਰਤ ਦੀ ਸਿਆਸਤ, ਫਿਰਕਾਪ੍ਰਸਤੀ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ’ਤੇ ਰੋਕ ਲੱਗੇਗੀ।’’
ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਨੇ ਅਮਰੀਕਾ ’ਚ ਦਿਤੇ ਅਪਣੇ ਬਿਆਨ ਨਾਲ ਸਿੱਖ ਭਾਈਚਾਰੇ ਦੀ ਧਾਰਮਕ ਅਤੇ ਸਭਿਆਚਾਰਕ ਪਛਾਣ ਦਾ ਸਮਰਥਨ ਕੀਤਾ ਹੈ।’’
ਰਾਹੁਲ ਗਾਂਧੀ ਨੇ ਹਾਲ ਹੀ ’ਚ ਵਾਸ਼ਿੰਗਟਨ ਡੀ.ਸੀ. ’ਚ ਭਾਰਤੀ-ਅਮਰੀਕੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਸੀ ਕਿ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਕੁੱਝ ਧਰਮਾਂ, ਭਾਸ਼ਾਵਾਂ ਅਤੇ ਭਾਈਚਾਰਿਆਂ ਨੂੰ ਦੂਜਿਆਂ ਨਾਲੋਂ ਨੀਵਾਂ ਸਮਝਦਾ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ’ਚ ਲੜਾਈ ਸਿਆਸਤ ਲਈ ਨਹੀਂ, ਸਗੋਂ ਇਸੇ ਗੱਲ ਲਈ ਲੜੀ ਜਾ ਰਹੀ ਹੈ।
ਰਾਹੁਲ ਗਾਂਧੀ ਨੇ ਅੱਗੇ ਕਿਹਾ, ‘‘ਲੜਾਈ ਇਹ ਹੈ ਕਿ ਭਾਰਤ ਵਿਚ ਸਿੱਖ ਨੂੰ ਪੱਗ ਬੰਨ੍ਹਣ ਜਾਂ ਕੜਾ ਪਹਿਨਣ ਦਾ ਅਧਿਕਾਰ ਹੈ ਜਾਂ ਨਹੀਂ। ਜਾਂ ਸਿੱਖ ਹੋਣ ਦੇ ਨਾਤੇ ਉਹ ਗੁਰਦੁਆਰੇ ਜਾ ਸਕਦਾ ਹੈ ਜਾਂ ਨਹੀਂ। ਇਹ ਲੜਾਈ ਇਸੇ ਲਈ ਹੈ ਅਤੇ ਇਹ ਸਿਰਫ ਉਨ੍ਹਾਂ ਲਈ ਨਹੀਂ ਬਲਕਿ ਸਾਰੇ ਧਰਮਾਂ ਲਈ ਹੈ।