
ਇਰਾਕ ਤੋਂ ਇੱਕ ਜੋੜਾ ਭਾਰਤ ਆਇਆ ਸੀ ਇਲਾਜ ਕਰਵਾਉਣ ਪੁਲਿਸ ਮੁਲਾਜ਼ਮ ਬਣ ਕੇ ਆਏ ਠੱਗ ਲੁੱਟ ਕੇ ਲੈ ਗਏ 15 ਹਜ਼ਾਰ ਡਾਲਰ
ਗੁਰੂਗ੍ਰਾਮ -ਹਰਿਆਣਾ ਦੇ ਗੁਰੂਗ੍ਰਾਮ 'ਚ ਦੋ ਵਿਅਕਤੀਆਂ ਨੇ ਖ਼ੁਦ ਨੂੰ ਪੁਲਿਸ ਅਧਿਕਾਰੀ ਦੱਸ ਕੇ ਇੱਕ ਇਰਾਕੀ ਜੋੜੇ ਤੋਂ 15,000 ਅਮਰੀਕੀ ਡਾਲਰ ਲੁੱਟ ਲਏ। ਅਧਿਕਾਰੀਆਂ ਮੁਤਾਬਿਕ ਨਦਾ ਅਲੀ ਸਲਮਾਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਘਟਨਾ ਐਤਵਾਰ ਦੁਪਹਿਰ ਕਰੀਬ 3.30 ਵਜੇ ਵਾਪਰੀ, ਜਦੋਂ ਉਹ ਅਤੇ ਉਸ ਦਾ ਪਤੀ ਆਪਣੇ ਹੋਟਲ ਤੋਂ ਬਾਜ਼ਾਰ ਵੱਲ ਜਾ ਰਹੇ ਸਨ।
ਆਪਣੀ ਸ਼ਿਕਾਇਤ ਵਿੱਚ ਨਦਾ ਨੇ ਕਿਹਾ ਕਿ ਉਹ ਅਤੇ ਉਸ ਦਾ ਪਤੀ ਪਿਛਲੇ ਕੁਝ ਸਮੇਂ ਤੋਂ ਇੱਕ ਹੋਟਲ ਵਿੱਚ ਰਹਿ ਰਹੇ ਹਨ ਕਿਉਂਕਿ ਉਸ ਦੇ ਪਤੀ ਦੀ ਮੇਦਾਂਤਾ ਹਸਪਤਾਲ ਵਿੱਚ ਸਰਜਰੀ ਹੋਣੀ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਐਤਵਾਰ ਨੂੰ ਇੱਕ ਕਾਰ 'ਚ ਸਵਾਰ ਦੋ ਵਿਅਕਤੀਆਂ ਨੇ ਜੋੜੇ ਨੂੰ ਹੋਟਲ ਦੇ ਗੇਟ 'ਤੇ ਰੋਕ ਲਿਆ। ਇੱਕ ਵਿਅਕਤੀ ਨੇ ਖ਼ੁਦ ਨੂੰ ਪੁਲਿਸ ਅਧਿਕਾਰੀ ਦੱਸ ਕੇ ਜੋੜੇ ਨੂੰ ਦੱਸਿਆ ਕਿ ਉਹ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਸਮਾਨ ਦੀ ਤਲਾਸ਼ੀ ਦੇਣੀ ਪਵੇਗੀ।
ਨਦਾ ਮੁਤਾਬਿਕ ਉਸ ਆਦਮੀ ਨੇ ਉਸ ਦੇ ਬੈਗ ਦੀ ਤਲਾਸ਼ੀ ਲਈ ਅਤੇ ਫਿਰ ਉਸ ਦੇ ਪਤੀ ਨੂੰ ਕਿਹਾ ਕਿ ਉਹ ਆਪਣੀ ਜੇਬ ਦੀ ਤਲਾਸ਼ੀ ਲੈਣ ਦੇਵੇ। ਉਸ ਦੇ ਪਤੀ ਦੀ ਜੇਬ ਵਿੱਚ ਇੱਕ ਬਟੂਆ ਸੀ, ਜਿਸ ਵਿੱਚ ਇਲਾਜ ਲਈ 15,000 ਅਮਰੀਕੀ ਡਾਲਰ ਸੀ।
ਜਦੋਂ ਉਸ ਨੇ ਆਪਣਾ ਬਟੂਆ ਦੋਵਾਂ ਵਿਅਕਤੀਆਂ ਨੂੰ ਵਿਖਾਇਆ ਤਾਂ ਉਨ੍ਹਾਂ ਨੇ ਉਸ ਵਿੱਚੋਂ ਸੁੰਘ ਕੇ ਕਿਹਾ ਕਿ ਇਹ ਨਸ਼ੀਲਾ ਪਦਾਰਥ ਹੈ ਅਤੇ ਉਹ ਨਕਦੀ ਲੈ ਕੇ ਫ਼ਰਾਰ ਹੋ ਗਏ। ਥਾਣਾ ਸਦਰ ਪੁਲਿਸ ਸਟੇਸ਼ਨ ਵਿੱਚ ਦੋ ਅਣਜਾਣ ਵਿਅਕਤੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 379 (ਚੋਰੀ), 420 (ਧੋਖਾਧੜੀ) ਅਤੇ 34 ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ। ਸਦਰ ਥਾਣੇ ਦੇ ਇੰਚਾਰਜ ਵੇਦ ਪ੍ਰਕਾਸ਼ ਨੇ ਕਿਹਾ, "ਅਸੀਂ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਨੂੰ ਜਾਂਚ ਰਹੇ ਹਾਂ ਅਤੇ ਮੁਲਜ਼ਮਾਂ ਨੂੰ ਫ਼ੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ।"