ਡਰਿੱਲ ਮਸ਼ੀਨ ਨਾਲ ਦਿੱਤੀ ਮਾਸੂਮ ਨੂੰ ਸਜ਼ਾ?
ਕਾਨਪੁਰ : ਇਥੋਂ ਦੇ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੇ ਕਾਇਰਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਅੱਪਰ ਪ੍ਰਾਇਮਰੀ ਸਕੂਲ ਮਾਡਲ ਪ੍ਰੇਮ ਨਗਰ ਵਿੱਚ ਬਚੇ ਵਲੋਂ ਦੂਣੀ ਦਾ ਪਹਾੜਾ ਨਾ ਸੁਣਾਉਣ 'ਤੇ ਇੰਸਟ੍ਰਕਟਰ ਨੇ ਇੱਕ ਡਰਿੱਲ ਮਸ਼ੀਨ ਚਲਾਉਣ ਦੀ ਕੋਸ਼ਿਸ਼ ਕੀਤੀ। ਬੱਚੇ ਦੀਆਂ ਚੀਕਾਂ ਸੁਣ ਕੇ ਦੂਜੇ ਵਿਦਿਆਰਥੀ ਨੇ ਸਵਿੱਚ ਬੰਦ ਕਰ ਦਿੱਤਾ। ਇਸ ਘਟਨਾ ਵਿਚ ਬਚਾਅ ਜ਼ਖਮੀ ਹੋ ਗਿਆ ਜਿਸ ਮਗਰੋਂ ਮਾਪਿਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਦਰਅਸਲ ਇਹ ਮਾਮਲਾ ਵੀਰਵਾਰ ਦਾ ਦੱਸਿਆ ਜਾ ਰਿਹਾ ਹੈ।
ਜਮਾਤ ਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਜਦੋਂ ਅਧਿਆਪਕ ਨੇ ਪੰਜਵੀਂ ਜਮਾਤ ਦੇ ਵਿਦਿਆਰਥੀ ਨੂੰ ਦੋ ਦਾ ਪਹਾੜਾ ਸੁਣਾਉਣ ਲਈ ਕਿਹਾ ਤਾਂ ਬੱਚਾ ਨਹੀਂ ਸੁਣਾ ਸਕਿਆ ਜਿਸ 'ਤੇ ਨਿੱਜੀ ਸੰਸਥਾ ਦੇ ਇੰਸਟ੍ਰਕਟਰ ਨੇ ਹੱਥ ਵਿਚ ਫੜੀ ਡਰਿੱਲ ਮਸ਼ੀਨ ਚਾਲੂ ਕਰ ਦਿੱਤੀ। ਇਸ ਦੇ ਚਲਦੇ ਹੀ ਵਿਦਿਆਰਥੀ ਦੇ ਖੱਬੇ ਹੱਥ/ਬਾਂਹ 'ਤੇ ਸੱਟਾਂ ਲੱਗ ਗਈਆਂ। ਪੀੜ ਨਾਲ ਕੁਰਲਾਉਂਦੇ ਵਿਦਿਆਰਥੀ ਨੂੰ ਦੇਖ ਕੇ ਦੂਜੇ ਵਿਦਿਆਰਥੀ ਨੇ ਸਵਿੱਚ ਬੰਦ ਕਰ ਦਿਤਾ।
ਇਸ ਤੋਂ ਬਾਅਦ ਵਿਦਿਆਰਥੀ ਨੂੰ ਮਾਮੂਲੀ ਇਲਾਜ ਦੇ ਕੇ ਸਕੂਲ ਤੋਂ ਭਜਾ ਦਿੱਤਾ ਗਿਆ। ਅਧਿਆਪਕਾ ਅਲਕਾ ਤ੍ਰਿਪਾਠੀ ਨੇ ਇਸ ਮਾਮਲੇ ਦੀ ਕਿਸੇ ਉੱਚ ਅਧਿਕਾਰੀ ਨੂੰ ਸੂਚਨਾ ਨਹੀਂ ਦਿੱਤੀ ਅਤੇ ਵਿਦਿਆਰਥੀ ਨੂੰ ਟੈਟਨਸ ਟੀਕਾ ਕਰਵਾਏ ਬਿਨਾਂ ਹੀ ਭੇਜ ਦਿੱਤਾ। ਸ਼ੁੱਕਰਵਾਰ ਨੂੰ ਜਦੋਂ ਹੰਗਾਮਾ ਹੋਇਆ ਤਾਂ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ।
ਸ਼ੁੱਕਰਵਾਰ ਨੂੰ ਮਾਮਲੇ ਦੀ ਸੂਚਨਾ ਮਿਲਦੇ ਹੀ ਮੁੱਢਲੀ ਸਿੱਖਿਆ ਅਫ਼ਸਰ ਸੁਰਜੀਤ ਕੁਮਾਰ ਸਿੰਘ ਅਤੇ ਬਲਾਕ ਸਿੱਖਿਆ ਅਫ਼ਸਰ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਜਾਂਚ 'ਚ ਬੱਚਿਆਂ ਤੋਂ ਪੁੱਛਗਿੱਛ ਦੌਰਾਨ ਸਾਰੀ ਘਟਨਾ ਦੱਸੀ। ਇੱਕ ਵਿਦਿਆਰਥਣ ਨੇ ਦੱਸਿਆ ਕਿ ਉਸ ਤੋਂ ਸਕੂਲ ਵਿੱਚ ਝਾੜੂ ਪੋਚਾ ਵੀ ਕਰਵਾਇਆ ਜਾਂਦਾ ਹੈ। ਬੀਐਸਏ ਨੇ ਬਲਾਕ ਸਿੱਖਿਆ ਅਧਿਕਾਰੀ ਨੂੰ ਰਿਪੋਰਟ ਤਿਆਰ ਕਰ ਕੇ ਭੇਜਣ ਲਈ ਕਿਹਾ ਹੈ। ਬੀਐਸਏ ਨੇ ਕਿਹਾ ਕਿ ਰਿਪੋਰਟ ਮਿਲਦੇ ਹੀ ਇੰਚਾਰਜ ਹੈੱਡਮਿਸਟ੍ਰੈਸ ਨੂੰ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ।